ਛੋਟੇ ਭਰਾ ਦੀ ਲਾਸ਼ ਗੋਦੀ ’ਚ ਰੱਖ ਬੈਠਾ ਰਿਹਾ ਮਾਸੂਮ, ਤਸਵੀਰ ਵਾਇਰਲ ਹੋਣ ਮਗਰੋਂ ਐਕਸ਼ਨ ’ਚ ਆਈ ਸਰਕਾਰ
Tuesday, Jul 12, 2022 - 01:03 PM (IST)
ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ’ਚ 8 ਸਾਲ ਦਾ ਇਕ ਮੁੰਡਾ ਆਪਣੇ 2 ਸਾਲਾ ਛੋਟੇ ਭਰਾ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਬਾਹਰ ਕੁਝ ਘੰਟਿਆਂ ਤੱਕ ਗੋਦੀ ’ਚ ਲੈ ਕੇ ਬੈਠਾ ਰਿਹਾ। ਇਸ ਦੌਰਾਨ ਬੱਚਿਆਂ ਦੇ ਪਿਤਾ ਮ੍ਰਿਤਕ ਬੱਚੇ ਨੂੰ ਘਰ ਲਿਜਾਉਣ ਲਈ ਐਂਬੂਲੈਂਸ ਦੀ ਭਾਲ ਕਰਦੇ ਰਹੇ ਕਿਉਂਕਿ ਹਸਪਤਾਲ ਨੇ ਐਂਬੂਲੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਘਟਨਾ ਦੀ ਦਿਲ ਨੂੰ ਝੰਜੋੜ ਦੇਣ ਵਾਲੀ ਤਸਵੀਰ ਜੋ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ, ਉਸ ਤੋਂ ਬਾਅਦ ਹੁਣ ਸ਼ਿਵਰਾਜ ਸਰਕਾਰ ਨੇ ਸਖ਼ਤ ਰਵੱਈਆ ਅਪਣਾਇਆ ਹੈ।
ਇਹ ਵੀ ਪੜ੍ਹੋ- 2 ਸਾਲਾ ਭਰਾ ਦੀ ਲਾਸ਼ ਗੋਦ 'ਚ ਲੈ ਕੇ ਸੜਕ ਕਿਨਾਰੇ ਬੈਠਾ ਰਿਹਾ ਮਾਸੂਮ, ਐਂਬੂਲੈਂਸ ਲਈ ਭਟਕਦਾ ਰਿਹਾ ਪਿਤਾ
ਇਸ ਘਟਨਾ ਮਗਰੋਂ ਸਰਕਾਰ ਨੇ ਜ਼ਿਲ੍ਹਾ ਪੰਚਾਇਤ ਦੇ ਮੁੱਖ ਕਾਰਜ ਪਾਲਣ ਅਧਿਕਾਰੀ ਤੋਂ ਜਾਂਚ ਰਿਪੋਰਟ ਮੰਗੀ ਹੈ। ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਦੱਸਿਆ ਕਿ ਜ਼ਿਲ੍ਹਾ ਪੰਚਾਇਤ ਸੀ. ਈ. ਓ. ਨੂੰ ਸ਼ਾਮ ਤੱਕ ਜਾਂਚ ਰਿਪੋਰਟ ਪੇਸ਼ ਕਰਨ ਦੇ ਨਿਰੇਦਸ਼ ਦਿੱਤੇ ਗਏ ਹਨ। ਸਿਵਲ ਸਰਜਨ ਨੂੰ ਕਾਰਨ ਦੱਸੋਂ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੀੜਤ ਪਰਿਵਾਰ ਨੂੰ ਜ਼ਰੂਰੀ ਆਰਥਿਕ ਮਦਦ ਵੀ ਦਿੱਤੀ ਹੈ।
ਕਿੱਥੋਂ ਦਾ ਹੈ ਵਾਕਿਆ-
ਦੱਸ ਦੇਈਏ ਕਿ ਇਹ ਵਾਕਿਆ ਐਤਵਾਰ ਨੂੰ ਮੁਰੈਨਾ ਜ਼ਿਲ੍ਹਾ ਹਸਪਤਾਲ ਦੇ ਬਾਹਰ ਦਾ ਹੈ ਅਤੇ ਇਸ ਬੱਚੇ ਦੀ ਲਾਸ਼ ਨੂੰ ਉੱਥੋਂ ਕਰੀਬ 30 ਕਿਲੋਮੀਟਰ ਦੂਰ ਉਸ ਦੇ ਬੜਫਰਾ ਪਿੰਡ ਲਿਜਾਇਆ ਜਾਣਾ ਸੀ। ਇਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ’ਤੇ ਅਪਲੋਡ ਵੀਡੀਓ ’ਚ ਬੱਚਾ ਜ਼ਿਲ੍ਹਾ ਹਸਪਤਾਲ ਦੀ ਚਾਰਦੀਵਾਰੀ ਨਾਲ ਬੈਠਾ ਨਜ਼ਰ ਆ ਰਿਹਾ ਹੈ ਅਤੇ ਉਸ ਦੀ ਗੋਦੀ ’ਚ ਉਸ ਦੇ 2 ਸਾਲਾ ਭਰਾ ਦੀ ਲਾਸ਼ ਸਫੈਦ ਕੱਪੜੇ ਨਾਲ ਢਕੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਬੱਚੇ ਦੀ ਇਲਾਜ ਦੌਰਾਨ ਹਸਪਤਾਲ ’ਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲਕਾਂਡ ਦੀ ਨਹੀਂ ਹੋਵੇਗੀ CBI ਜਾਂਚ, SC ਦੀ ਟਿੱਪਣੀ- ਮਾਮਲੇ ਨੂੰ ਨਾ ਦਿਓ ਸਿਆਸੀ ਰੰਗ
ਮ੍ਰਿਤਕ ਦੇ ਗਰੀਬ ਪਿਤਾ ਨੇ ਸਿਹਤ ਵਿਭਾਗ ਨੂੰ ਗੁਹਾਰ ਲਗਾਈ ਕਿ ਉਸ ਦੇ ਪੁੱਤਰ ਦੀ ਲਾਸ਼ ਨੂੰ ਪਿੰਡ ਤੱਕ ਲਿਜਾਉਣ ਦੀ ਵਿਵਸਥਾ ਕਰਵਾ ਦਿਓ ਪਰ ਉਸ ਨੂੰ ਉੱਥੋਂ ਕੋਈ ਮਦਦ ਨਹੀਂ ਮਿਲੀ। ਮ੍ਰਿਤਕ ਦਾ ਪਿਤਾ 2 ਸਾਲਾ ਪੁੱਤਰ ਦੀ ਲਾਸ਼ ਆਪਣੇ 8 ਸਾਲਾ ਪੁੱਤਰ ਗੁਲਸ਼ਨ ਦੀ ਗੋਦੀ 'ਚ ਰੱਖ ਕੇ ਸੜਕ ਕਿਨਾਰੇ ਬਿਠਾ ਕੇ ਐਂਬੂਲੈਂਸ ਦੀ ਤਲਾਸ਼ 'ਚ ਨਿਕਲ ਗਿਆ। ਸੜਕ ਕਿਨਾਰੇ ਗੋਦੀ 'ਚ ਰੱਖੀ ਛੋਟੇ ਭਰਾ ਦੀ ਲਾਸ਼ ਨੂੰ ਕਦੇ ਉਹ ਪਿਆਰ ਕਰਦਾ ਤਾਂ ਕਦੇ ਪਿਤਾ ਦੇ ਆਉਣ ਦੀ ਰਾਹ ਦੇਖਦਾ। ਇਸ ਦ੍ਰਿਸ਼ ਨੂੰ ਦੇਖ ਕੇ ਹਰ ਕਿਸੇ ਦੀ ਅੱਖ ਨਮ ਹੋ ਗਈ। ਕਰੀਬ 2 ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਮੀਡੀਆ ਜਦੋਂ ਮੌਕੇ 'ਤੇ ਪਹੁੰਚੀ, ਉਦੋਂ ਸਿਹਤ ਵਿਭਾਗ ਨੇ ਜਲਦੀ 'ਚ ਐਂਬੂਲੈਂਸ ਦੀ ਵਿਵਸਥਾ ਕਰ ਮਾਸੂਮ ਦੀ ਲਾਸ਼ ਨੂੰ ਪਿੰਡ ਤੱਕ ਭਿਜਵਾਇਆ।
ਇਹ ਵੀ ਪੜ੍ਹੋ- JEE Main 2022 Results : ਪੰਜਾਬ ਦੇ ਮ੍ਰਿਣਾਲ ਗਰਗ ਸਮੇਤ 14 ਉਮੀਦਵਾਰਾਂ ਨੇ ਹਾਸਲ ਕੀਤੇ 100 ਫ਼ੀਸਦੀ ਅੰਕ