ਮੱਧ ਪ੍ਰਦੇਸ਼: ਸੈਂਟਰਲ ਜੇਲ ''ਚ 19 ਕੈਦੀ ਕੋਰੋਨਾ ਪਾਜ਼ੇਟਿਵ, ਪ੍ਰਸ਼ਾਸਨ ''ਚ ਮੱਚੀ ਹਫੜਾ-ਦਫੜੀ
Tuesday, Apr 28, 2020 - 05:45 PM (IST)

ਭੋਪਾਲ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ ਸੈਂਟਰਲ ਜੇਲ ਦੇ 19 ਕੈਦੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਸਾਰੇ ਫਿਲਹਾਲ ਸੂਬੇ 'ਚ ਕਿਸੇ ਅਸਥਾਈ ਜੇਲ 'ਚ ਬੰਦ ਸੀ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨ 'ਚ ਹਫੜਾ-ਦਫੜੀ ਮੱਚ ਗਈ। ਕੋਰੋਨਾ ਟੈਸਟ ਕਰਨ ਦੇ ਬਾਅਦ ਇਹ ਪੁਸ਼ਟੀ ਹੋਈ ਹੈ। ਚੀਫ ਮੈਡੀਕਲ ਅਤੇ ਸਿਹਤ ਅਧਿਕਾਰੀ ਇੰਦੌਰ ਪ੍ਰਵੀਨ ਜਾਦੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਇਸ ਤੋਂ ਪਹਿਲਾ ਵੀ 20 ਅਪ੍ਰੈਲ ਨੂੰ ਇੱਥੇ 4 ਕੈਦੀਆ 'ਚ ਕੋਰੋਨਾ ਦੀ ਪੁਸ਼ਟੀ ਹੋਈ ਸੀ।
ਦੱਸਣਯੋਗ ਹੈ ਕਿ ਖਤਰਨਾਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਦੇਸ਼ 'ਚ 3 ਮਈ ਤਕ ਲਾਕਡਾਊਨ ਲਗਾਇਆ ਹੋਇਆ ਹੈ। ਮੱਧ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ 10 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਇੰਦੌਰ ਦੇ 6, ਭੋਪਾਲ 3, ਮੰਦਸੌਰ ਤੋਂ 1 ਮੌਤ ਹੋਈ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ 240 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਲਗਭਗ 1860 ਇਨਫੈਕਟਡ ਮਾਮਲੇ ਸਾਹਮਣੇ ਆ ਚੁੱਕੇ ਹਨ।