10 ਰੁਪਏ ਦੇਣ ਤੋਂ ਇਨਕਾਰ ਕਰਨ 'ਤੇ ਦੋਸਤ ਨੂੰ ਕੀਤਾ ਅੱਗ ਦੇ ਹਵਾਲੇ, 6ਵੇਂ ਦਿਨ ਤੋਡ਼ਿਆ ਦਮ

02/29/2020 3:14:33 PM

ਉਜੈਨ—ਮੱਧ ਪ੍ਰਦੇਸ਼ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇੱਕ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਸਾਰਿਆਂ ਦਾ ਦਿਲ ਦਹਿਲਾ ਦਿੱਤਾ। ਦਰਅਸਲ ਇੱਥੋ ਦੇ ਉਜੈਨ ਸ਼ਹਿਰ 'ਚ ਦੋ ਨੌਜਵਾਨਾਂ ਨੇ ਮਾਮੂਲੀ ਜਿਹੀ ਗੱਲ 'ਤੇ ਆਪਣੇ ਦੋਸਤ ਨੂੰ ਸਾੜ ਦਿੱਤਾ, ਜਿਸਦੀ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦੇਈਏ ਕਿ ਇਸ ਘਟਨਾ ਬਾਰੇ ਉਸ ਸਮੇਂ ਖੁਲਾਸਾ ਹੋਇਆ ਜਦੋਂ ਵਾਰਦਾਤ ਵਾਲੀ ਥਾਂ 'ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ ਦੀ ਜਾਂਚ ਕੀਤੀ ਗਈ।  

ਦੱਸਣਯੋਗ ਹੈ ਕਿ 22 ਫਰਵਰੀ ਨੂੰ ਉਜੈਨ ਸ਼ਹਿਰ ਦੇ ਨਾਨਾਖੇੜਾ ਇਲਾਕੇ 'ਚ ਸੂਰਜ ਅਤੇ ਸ਼ੁਭਮ ਨਾਂ ਦੇ ਦੋ ਨੌਜਵਾਨਾਂ ਨੇ ਆਪਣੇ ਦੋਸਤ ਗਣੇਸ਼ ਤੋਂ 10 ਰੁਪਏ ਮੰਗੇ ਸੀ ਪਰ ਗਣੇਸ਼ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਤੋਂ ਗੁੱਸੇ 'ਚ ਆ ਕੇ ਸ਼ੁਭਮ ਨੇ ਗਣੇਸ਼ 'ਤੇ ਪੈਟਰੋਲ ਛਿੜਕ ਦਿੱਤਾ ਅਤੇ ਸੂਰਜ ਨੇ ਮਾਚਿਸ ਨਾਲ ਅੱਗ ਲਾ ਦਿੱਤੀ। ਅੱਗ ਦੀਆਂ ਲਪਟਾਂ ਨਾਲ ਘਿਰੇ ਗਣੇਸ਼ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਜਦੋਂ ਉੱਥੇ ਲੋਕ ਪਹੁੰਚੇ ਤਾਂ ਉਨ੍ਹਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਤਰੁੰਤ ਪੀੜਤ ਨੂੰ ਇਲਾਜ ਲਈ ਇੰਦੌਰ ਰੈਫਰ ਕੀਤਾ ਗਿਆ, ਜਿੱਥੇ ਕੱਲ ਭਾਵ ਸ਼ੁੱਕਰਵਾਰ ਸ਼ਾਮ ਨੂੰ ਉਸ ਨੇ ਦਮ ਤੋੜ ਦਿੱਤਾ। ਇਹ ਵੀ ਦੱਸਿਆ ਜਾਂਦਾ ਹੈ ਗਣੇਸ਼ ਨੂੰ ਅੱਗ ਲਗਾਉਣ ਦੀ ਪੂਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ ਸੀ, ਜਿਸ ਦੀ ਜਾਂਚ 'ਚ ਦੋਸ਼ੀ ਸ਼ੁਭਮ ਅਤੇ ਸੂਰਜ ਘਟਨਾ ਨੂੰ ਅੰਜ਼ਾਮ ਦਿੰਦੇ ਦੇਖੇ ਗਏ ਸੀ।

ਪੁਲਸ ਨੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ 'ਚ ਸੂਰਜ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਜਦਕਿ ਸ਼ੁਭਮ ਫਰਾਰ ਹੋ ਗਿਆ ਸੀ। ਹੁਣ ਗਣੇਸ਼ ਦੀ ਮੌਤ ਤੋਂ ਬਾਅਦ ਹੱਤਿਆ ਦੀ ਧਾਰਾ ਜੋੜ ਕੇ ਪੁਲਸ ਨੇ ਫਰਾਰ ਚੱਲ ਰਹੇ ਦੋਸ਼ੀ ਸ਼ੁਭਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ ਫੁਟੇਜ ਅਤੇ ਗਣੇਸ਼ ਦੇ ਮਰਨ ਤੋਂ ਪਹਿਲਾਂ ਦਿੱਤੇ ਗਏ ਬਿਆਨ ਦੇ ਆਧਾਰ 'ਤੇ ਅਦਾਲਤ 'ਚ ਦੋਵਾਂ ਦੋਸ਼ੀਆਂ ਖਿਲਾਫ ਕੇਸ ਚਲਾਇਆ ਜਾਵੇਗਾ।


Iqbalkaur

Content Editor

Related News