ਦਾਜ ਦੀ ਮੰਗ ਨਾ ਪੂਰੀ ਹੋਣ ’ਤੇ ਪਤੀ ਨੇ ਫੋਨ ’ਤੇ ਤਿੰਨ ਵਾਰ ‘ਤਲਾਕ’ ਬੋਲ ਕੇ ਪਤਨੀ ਨੂੰ ਛੱਡਿਆ

11/07/2021 4:21:33 PM

ਇੰਦੌਰ (ਭਾਸ਼ਾ)— ਮੱਧ ਪ੍ਰਦੇਸ਼ ਦੇ ਇੰਦੌਰ ’ਚ ਇਕ ਵਿਅਕਤੀ ਵਲੋਂ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਫੋਨ ਕਾਲ ਜ਼ਰੀਏ ਪਤਨੀ ਨੂੰ ਤਿੰਨ ਤਲਾਕ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਵਿਆਹੁਤਾ ਨੂੰ ਤੰਗ-ਪਰੇਸ਼ਾਨ ਕਰਨ ਦੇ ਦੋਸ਼ਾਂ ਵਿਚ ਉਸ ਦੇ ਪਤੀ ਅਤੇ ਸਹੁਰੇ ਪੱਖ ਦੇ ਲੋਕਾਂ ਖ਼ਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ। ਐੱਮ. ਆਈ. ਜੀ. ਪੁਲਸ ਥਾਣੇ ਦੇ ਮੁਖੀ ਅਜੇ ਵਰਮਾ ਨੇ ਐਤਵਾਰ ਨੂੰ ਦੱਸਿਆ ਕਿ 32 ਸਾਲਾ ਮਹਿਲਾ ਨੇ ਸ਼ਨੀਵਾਰ ਰਾਤ ਦਰਜ ਐੱਫ. ਆਈ. ਆਰ. ’ਚ ਦੋਸ਼ ਲਾਇਆ ਕਿ ਉਸ ਦੇ ਸ਼ੌਹਰ ਆਸ ਮੁਹੰਮਦ ਖਾਨ ਨੇ 21 ਸਤੰਬਰ ਨੂੰ ਉਸ ਨੂੰ ਫੋਨ ’ਤੇ ‘ਤਲਾਕ, ਤਲਾਕ, ਤਲਾਕ’ ਬੋਲ ਕੇ ਕਿਹਾ ਕਿ ਦੋਹਾਂ ਵਿਚਾਲੇ ਵਿਆਹੁਤਾ ਰਿਸ਼ਤੇ ਨੂੰ ਤੁਰੰਤ ਖ਼ਤਮ ਮੰਨਿਆ ਜਾਵੇ। 

ਪੁਲਸ ਮੁਤਾਬਕ ਮਹਿਲਾ ਦਾ ਦੋਸ਼ ਹੈ ਕਿ ਉਸ ਦੇ ਸਹੁਰੇ ਪੱਖ ਦੇ ਲੋਕ ਉਸ ਦੇ ਪੇਕੇ ਵਾਲਿਆਂ ਤੋਂ ਦਾਜ ਦੇ ਰੂਪ ਵਿਚ 5 ਲੱਖ ਰੁਪਏ ਦੀ ਮੰਗ ਕਰ ਕੇ ਉਸ ਨੂੰ ਪਰੇਸ਼ਾਨ ਕਰ ਰਹੇ ਸਨ ਅਤੇ ਇਹ ਮੰਗ ਪੂਰੀ ਨਾ ਕੀਤੇ ਜਾਣ ਦੇ ਚੱਲਦੇ ਉਸ ਦੇ ਸ਼ੌਹਰ ਨੇ ਉਸ ਨੂੰ ਫੋਨ ’ਤੇ ਤਲਾਕ, ਤਲਾਕ, ਤਲਾਕ ਬੋਲ ਕੇ ਛੱਡ ਦਿੱਤਾ। ਥਾਣੇ ਦੇ ਮੁਖੀ ਨੇ ਦੱਸਿਆ ਕਿ ਪੀੜਤ ਮਹਿਲਾ ਦਾ ਪੇਕਾ ਪਰਿਵਾਰ ਇੰਦੌਰ ਵਿਚ ਹੈ, ਜਦਕਿ ਉਸ ਦਾ ਸਹੁਰਾ ਪਰਿਵਾਰ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਵਿਚ ਰਹਿੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮਹਿਲਾ ਦੇ ਪੇਕੇ ਪਰਿਵਾਰ ਨੇ ਉਸ ਦੇ ਪਤੀ ਨੂੰ ਇੰਦੌਰ ਵਿਚ ਫਲੈਟ ਦਿਵਾ ਦਿੱਤਾ ਸੀ ਅਤੇ ਉਹ ਆਪਣੇ ਪਤੀ ਨਾਲ ਇੰਦੌਰ ਵਿਚ ਰਹਿ ਰਹੀ ਸੀ। 

ਥਾਣਾ ਮੁਖੀ ਨੇ ਮਹਿਲਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਅਤੇ ਸਹੁਰੇ ਪੱਖ ਦੇ ਹੋਰ ਲੋਕਾਂ ਖ਼ਿਲਾਫ ਮੁਸਲਿਮ ਵਿਆਹ ਐਕਟ 2019, ਆਈ. ਪੀ. ਸੀ. ਦੀ ਧਾਰਾ 498-ਏ ਅਤੇ ਹੋਰ ਕਾਨੂੰਨੀ ਵਿਵਸਥਾਵਾਂ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਵਰਮਾ ਨੇ ਦੱਸਿਆ ਕਿ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਅਜੇ ਗਿ੍ਰਫ਼ਤਾਰ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਐਕਟ 2019 ਇਕ ਵਾਰ ਵਿਚ ਤਿੰਨ ਵਾਰ ਤਲਾਕ ਬੋਲ ਕੇ ਵਿਆਹੁਤਾ ਸਬੰਧ ਖ਼ਤਮ ਕਰਨ ਦੀ ਪ੍ਰਥਾ ’ਤੇ ਰੋਕ ਲਗਾਉਂਦਾ ਹੈ। ਇਸ ਕਾਨੂੰਨ ’ਚ ਦੋਸ਼ੀ ਲਈ 3 ਸਾਲ ਤਕ ਦੀ ਜੇਲ੍ਹ ਦੀ ਵਿਵਸਥਾ ਹੈ।


Tanu

Content Editor

Related News