ਦੂਸ਼ਿਤ ਗੋਲ-ਗੱਪੇ ਖਾਣ ਮਗਰੋਂ 97 ਬੱਚੇ ਪਏ ਬੀਮਾਰ, ਪੁਲਸ ਨੇ ਹਿਰਾਸਤ ’ਚ ਲਿਆ ਦੁਕਾਨਦਾਰ

Sunday, May 29, 2022 - 01:43 PM (IST)

ਦੂਸ਼ਿਤ ਗੋਲ-ਗੱਪੇ ਖਾਣ ਮਗਰੋਂ 97 ਬੱਚੇ ਪਏ ਬੀਮਾਰ, ਪੁਲਸ ਨੇ ਹਿਰਾਸਤ ’ਚ ਲਿਆ ਦੁਕਾਨਦਾਰ

ਮੰਡਲਾ– ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲ੍ਹੇ ਦੇ ਸਿੰਗਾਰਪੁਰ ਗ੍ਰਾਮ ਪੰਚਾਇਤ ’ਚ ਲੱਗੇ ਹਾਟ ਬਜ਼ਾਰ ’ਚ ਦੂਸ਼ਿਤ ਗੋਲ-ਗੱਪੇ ਖਾਣ ਮਗਰੋਂ ਕਰੀਬ 97 ਬੱਚੇ ਬੀਮਾਰ ਪੈ ਗਏ। ਮੰਡਲਾ ਜ਼ਿਲ੍ਹਾ ਹਸਪਤਾਲ ਦੇ ਸਿਵਲ ਸਰਜਨ ਡਾ. ਕੇ. ਆਰ. ਸ਼ਾਕਯ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਜ਼ਿਲ੍ਹਾ ਹਸਪਤਾਲ ’ਚ ਇਕ ਤੋਂ ਬਾਅਦ ਇਕ 97 ਬੱਚਿਆਂ ਨੂੰ ਦਾਖ਼ਲ ਕਰਵਾਇਆ ਗਿਆ।ਇਨ੍ਹਾਂ ਸਾਰੇ ਬੱਚਿਆਂ ਨੇ ਸਿੰਗਾਰਪੁਰ ਹਾਟ ਬਜ਼ਾਰ ’ਚ ਲੱਗੀ ਇਕ ਦੁਕਾਨ ਤੋਂ ਗੋਲ-ਗੱਪੇ ਖਾਧੇ ਸਨ। ਉਨ੍ਹਾਂ ਨੇ ਕਿਹਾ ਕਿ ਸਾਰੇ ਬੱਚੇ ਖ਼ਤਰੇ ਤੋਂ ਬਾਹਰ ਹਨ ਅਤੇ ਨਿਗਰਾਨੀ ’ਚ ਹਨ।

ਸ਼ਾਕਯ ਨੇ ਦੱਸਿਆ ਕਿ ਹਾਟ ਬਜ਼ਾਰ ਲੱਗਣ ਕਾਰਨ ਸਿੰਗਾਰਪੁਰ ਤੋਂ ਇਲਾਵਾ ਆਲੇ-ਦੁਆਲੇ ਦੇ 8 ਤੋਂ 10 ਪਿੰਡਾਂ ਦੇ ਬੱਚੇ ਆਪਣੇ ਮਾਪਿਆਂ ਨਾਲ ਉੱਥੇ ਪਹੁੰਚੇ ਸਨ ਅਤੇ ਗੋਲ-ਗੱਪਿਆਂ ਦੀ ਇਕ ਹੀ ਦੁਕਾਨ ਹੋਣ ਕਾਰਨ ਸਾਰਿਆਂ ਨੇ ਉਸ ਦੀ ਦੁਕਾਨ ਤੋਂ ਗੋਲ-ਗੱਪੇ ਖਾਧੇ ਸਨ। ਸਿੰਗਾਰਪੁਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 38 ਕਿਲੋਮੀਟਰ ਦੂਰ ਹੈ। ਉਨ੍ਹਾਂ ਨੇ ਕਿਹਾ ਕਿ ਸ਼ਨੀਵਾਰ ਸ਼ਾਮ ਨੂੰ ਲੱਗਭਗ 7:30 ਵਜੇ ਬੱਚਿਆਂ ਨੇ ਢਿੱਡ ’ਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਉਲਟੀਆਂ ਕਰਨ ਲੱਗੇ।

ਪਹਿਲਾਂ ਤਾਂ ਕੁਝ ਬੱਚਿਆਂ ਨੂੰ ਸਥਾਨਕ ਪ੍ਰਾਇਮਰੀ ਸਿਹਤ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ ਪਰ ਜਦੋਂ ਬੀਮਾਰ ਬੱਚਿਆਂ ਦੀ ਗਿਣਤੀ ਤੇਜ਼ੀ ਨਾਲ ਵੱਧਣ ਲੱਗੀ ਤਾਂ ਬੀਮਾਰ ਬੱਚਿਆਂ ਨੂੰ ਸਿੱਧੇ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ। ਪੁਲਸ ਨੇ ਗੋਲ-ਗੱਪੇ ਵੇਚਣ ਵਾਲੇ ਦੁਕਾਨਦਾਰ ਨੂੰ ਹਿਰਾਸਤ ’ਚ ਲੈ ਲਿਆ ਹੈ ਅਤੇ ਖਾਣ ਵਾਲੇ ਪਦਾਰਥ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਘਟਨਾ ਦੇ ਸਾਹਮਣੇ ਆਉਣ ਮਗਰੋਂ ਕੇਂਦਰੀ ਮੰਤਰੀ ਅਤੇ ਮੰਡਲਾ ਤੋਂ ਸੰਸਦ ਮੈਂਬਰ ਫੱਗਨ ਸਿੰਘ ਕੁਲਸਤੇ ਨੇ ਸ਼ਨੀਵਾਰ ਦੀ ਰਾਤ ਇਲਾਜ ਕਰਵਾ ਰਹੇ ਬੱਚਿਆਂ ਨਾਲ ਮੁਲਾਕਾਤ ਕੀਤੀ।


author

Tanu

Content Editor

Related News