ਸ਼ਿਮਲਾ ’ਚ ਮੁੜ ਖਿਸਕਿਆ ਪਹਾੜ, ਸੈਲਾਨੀ ਅਤੇ ਸਥਾਨਕ ਲੋਕ ਹੋਏ ਪਰੇਸ਼ਾਨ
Wednesday, Nov 24, 2021 - 10:12 AM (IST)

ਠਿਯੋਗ (ਮਨੀਸ਼)- ਉਪਰਲੇ ਸ਼ਿਮਲਾ ’ਚ ਪਹਾੜਾਂ ਦੇ ਖਿਸਕਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਕਾਰਨ ਸ਼ਹਿਰ ਵਿਚ ਜਾਮ ਦੀ ਹਾਲਤ ਪੈਦਾ ਹੋ ਰਹੀ ਹੈ। ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਘਟਨਾ ਉਪਰਲੇ ਸ਼ਿਮਲਾ ਦੇ ਠਿਯੋਗ ਵਿਖੇ ਵਾਪਰੀ ਹੈ। ਇਥੇ ਦੇਵੀਮੋੜ ਦੇ ਨਾਲ ਲੱਗਦੇ ਲਾਲ ਪਾਣੀ ਇਲਾਕੇ ’ਚ ਮੰਗਲਵਾਰ ਤੜਕੇ ਦੋ ਵਜੇ ਇਕ ਪਹਾੜ ਦੇ ਖਿਸਕਣ ਕਾਰਨ ਵੱਡੇ ਪੱਥਰ ਅਤੇ ਹੋਰ ਮਲਬਾ ਸੜਕ ’ਤੇ ਆ ਡਿੱਗਾ ਜਿਸ ਕਾਰਨ ਸੜਕ ਆਵਾਜਾਈ ਲਈ ਬਿਲਕੁਲ ਬੰਦ ਹੋ ਗਈ।
ਰਾਤ ਦਾ ਸਮਾਂ ਹੋਣ ਕਾਰਨ ਉਥੇ ਕੋਈ ਖਾਸ ਆਵਾਜਾਈ ਨਹੀਂ ਸੀ। ਖੁਸ਼ਕਿਸਮਤੀ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੜਕ ਦੇ ਬੰਦ ਹੋ ਜਾਣ ਕਾਰਨ ਕਈ ਬੱਸਾਂ ਸੜਕ ਦੇ ਦੋਵੇਂ ਪਾਸੇ ਰੁਕ ਗਈਆਂ। ਉਨ੍ਹਾਂ ’ਚ ਬੈਠੇ ਹੋਏ ਮੁਸਾਫ਼ਰਾਂ ਨੂੰ ਠੰਡ ਵਿਚ ਹੀ ਰਾਤ ਬਿਤਾਉਣੀ ਪਈ। ਮੰਗਲਵਾਰ ਸ਼ਾਮ ਨੂੰ ਸੜਕ ਦੀ ਆਵਾਜਾਈ ਬਹਾਲ ਹੋ ਸਕੀ।