ਲਾਹੌਲ ਸਪਿਤੀ ’ਚ ਟੁੱਟਿਆ ਪਹਾੜ, ਢਾਈ ਘੰਟੇ ਰੁਕਿਆ ਰਿਹਾ ਚੰਦਰਭਾਗਾ ਦਾ ਵਹਾਅ
Saturday, Aug 14, 2021 - 10:38 AM (IST)
ਮਨਾਲੀ– ਜ਼ਿਲ੍ਹਾ ਲਾਹੌਲ ਸਪਿਤੀ ਨਾਲ ਲੱਗਦੇ ਪਿੰਡ ਜੁੰਡਾ ਕੋਲ ਸ਼ੁੱਕਰਵਾਰ ਸਵੇਰੇ 9 ਵਜੇ ਇਕ ਪਹਾੜ ਦੇ ਟੁੱਟ ਕੇ ਡਿੱਗਣ ਕਾਰਨ ਚੰਦਰਭਾਗਾ ਦਰਿਆ ਦਾ ਵਹਾਅ ਘੱਟੋ ਘੱਟ ਢਾਈ ਘੰਟੇ ਰੁਕਿਆ ਰਿਹਾ। ਇਸ ਕਾਰਨ ਚੰਦਰਭਾਗਾ ਦਰਿਆ ’ਚ ਇਕ ਡੈਮ ਬਣ ਗਿਆ। ਪਾਣੀ ਭਰਨ ਨਾਲ ਜੁੰਡਾ ਤੇ ਜਸਰਥ ਪਿੰਡਾਂ ਦੀ ਸੈਕੜੇ ਬੀਗਾ ਜ਼ਮੀਨ ਸਮੇਤ 4 ਘਰਾਂ ’ਚ ਪਾਣੀ ਭਰ ਗਿਆ। ਜਦੋਂ ਪਹਾੜ ਟੁੱਟਿਆ, ਉਦੋਂ ਵਧੇਰੇ ਲੋਕ ਖੇਤਾਂ ’ਚ ਕੰਮ ਕਰ ਰਹੇ ਸਨ। ਕੁਝ ਲੋਕ ਆਪਣੇ ਕੰਮਾਂ ਲਈ ਘਰਾਂ ਤੋਂ ਬਾਹਰ ਜਾ ਰਹੇ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜੁੰਡਾ, ਟਲਜੋਨ, ਨਾਲਡਾ, ਜਸਰਥ ਅਤੇ ਕੁਝ ਹੋਰ ਪਿੰਡਾਂ ’ਚ ਭੜਥੂ ਮੱਚ ਗਿਆ।
ਪਿੰਡਾਂ ਦੇ ਲੋਕਾਂ ਨੇ ਚੌਕਸੀ ਵਰਤਦੇ ਹੋਏ ਪਾਣੀ ’ਚ ਡੁੱਬ ਰਹੇ ਘਰਾਂ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਪੁਲਸ ਪ੍ਰਸ਼ਾਸਨ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਚਿਨਾਬ ਦਰਿਆ ਦੇ ਦੋਨੋਂ ਪਾਸੇ ਵਸੇ ਪਿੰਡਾਂ ਨੂੰ ਖਾਲੀ ਕਰਵਾ ਲਿਆ ਹੈ।