ਮਹਾਰਾਸ਼ਟਰ : ਮੇਲੇ ’ਚ ਖੀਰ ਖਾਣ ਮਗਰੋਂ 250 ਤੋਂ ਜ਼ਿਆਦਾ ਲੋਕ ਬਿਮਾਰ
Wednesday, Feb 05, 2025 - 07:20 PM (IST)
ਕੋਲਹਾਪੁਰ (ਏਜੰਸੀ)- ਪੱਛਮੀ ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲ੍ਹੇ ਵਿਚ ਇਕ ਪਿੰਡ ਦੇ ਮੇਲੇ ਵਿਚ ਸ਼ਾਮਲ ਹੋਣ ਤੋਂ ਬਾਅਦ ਸ਼ੱਕੀ ਫੂਡ ਪੋਇਜਨਿੰਗ ਕਾਰਨ 250 ਤੋਂ ਵੱਧ ਲੋਕ ਬਿਮਾਰ ਹੋ ਗਏ। ਕੁਰੁੰਦਵਾੜ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਿਵਨਾਕਵਾੜੀ ਪਿੰਡ ਵਿਚ ਇਕ ਮੇਲਾ ਲਗਾਇਆ ਗਿਆ ਸੀ ਜਿੱਥੇ ਪ੍ਰਸ਼ਾਦ ਵਜੋਂ ‘ਖੀਰ’ ਵਰਤਾਈ ਗਈ ਸੀ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਸਵੇਰ ਤੋਂ ਹੀ ਲੋਕ ਦਸਤ ਅਤੇ ਬੁਖਾਰ ਦੀ ਸ਼ਿਕਾਇਤ ਕਰ ਰਹੇ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਮੇਲੇ ਵਿਚ ਵੰਡੀ ਜਾ ਰਹੀ ਖੀਰ ਖਾਧੀ ਸੀ। ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ਵਿਚ 50 ਤੋਂ ਵੱਧ ਲੋਕਾਂ ਦਾ ਇਲਾਜ ਚੱਲ ਰਿਹਾ ਸੀ, ਜਦੋਂ ਕਿ ਬਾਕੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਹੁਣ ਤੱਕ 255 ਲੋਕ ਸ਼ੱਕੀ ਫੂਡ ਪੋਇਜਨਿੰਗ ਕਾਰਨ ਬਿਮਾਰ ਹੋ ਚੁੱਕੇ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਮੇਲੇ ਵਿੱਚ ਖੀਰ ਖਾਣ ਦਾ ਦਾਅਵਾ ਕੀਤਾ ਸੀ। ਹਾਲਾਂਕਿ, ਉੱਥੇ ਹੋਰ ਖਾਣੇ ਦੇ ਸਟਾਲ ਵੀ ਸਨ।