ਪਹਿਲੇ ਦਿਨ 100 ਤੋਂ ਜ਼ਿਆਦਾ ਉਡਾਣਾਂ ਰੱਦ, ਯਾਤਰੀ ਰਹੇ ਪਰੇਸ਼ਾਨ

05/25/2020 9:17:05 PM

ਨਵੀਂ ਦਿੱਲੀ (ਭਾਸ਼ਾ) - ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਵਿਭਿੰਨ ਰਾਜਾਂ ਵੱਲੋਂ ਆਪਣੇ ਹਵਾਈ ਅੱਡੇ ਖੋਲਣ ਦੀ ਅਨਿਸ਼ਚਤਾ ਜਤਾਉਣ ਵਿਚਾਲੇ ਸੋਮਵਾਰ ਨੂੰ ਦੇਸ਼ ਵਿਚ 2 ਮਹੀਨੇ ਦੇ ਅੰਤਰਾਲ ਤੋਂ ਬਾਅਦ ਘਰੇਲੂ ਯਾਤਰੀ ਹਵਾਈ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਸਿਵਲ ਏਵੀਏਸ਼ਨ ਦੇ ਅਧਿਕਾਰੀਆਂ ਦੇ ਸਖਤ ਨਿਯਮ ਦੀ ਸਿਫਾਰਸ਼ ਤਹਿਤ ਪਹਿਲੇ ਜਹਾਜ਼ ਨੇ ਦਿੱਲੀ ਹਵਾਈ ਅੱਡੇ ਤੋਂ ਪੁਣੇ ਦੇ ਲਈ ਸਵੇਰੇ ਪੌਣੇ 5 ਵਜੇ ਉਡਾਣ ਭਰੀ, ਜਦਕਿ ਮੁੰਬਈ ਹਵਾਈ ਅੱਡੇ ਤੋਂ ਪਹਿਲੀ ਉਡਾਣ ਪੌਣੇ 7 ਵਜੇ ਪਟਨਾ ਲਈ ਭਰੀ ਗਈ। ਦੇਸ਼ ਭਰ ਵਿਚ ਸੋਮਵਾਰ ਨੂੰ ਕਈ ਉਡਾਣਾਂ ਰੱਦ ਕਰ ਦਿੱਤੀ ਗਈਆਂ।

ਏਵੀਏਸ਼ਨ ਉਦਯੋਗ ਦੇ ਸੂਤਰਾਂ ਨੇ ਦੱਸਿਆ ਕਿ ਪਹਿਲੇ ਦਿਨ 380 ਉਡਾਣਾਂ ਨਿਰਧਾਰਤ ਕੀਤੀਆਂ ਗਈਆਂ ਸਨ। ਇਨ੍ਹਾਂ ਵਿਚੋਂ ਦਿੱਲੀ ਹਵਾਈ ਅੱਡੇ 'ਤੇ ਕਰੀਬ 82 ਉਡਾਣਾਂ ਆਉਣ ਅਤੇ ਜਾਣ ਵਾਲੀਆਂ ਰੱਦ ਕੀਤੀ ਗਈਆਂ ਜਦਕਿ ਬੈਂਗਲੁਰੂ ਵਿਚ 20 ਅਤੇ ਓੜੀਸਾ ਵਿਚ 5 ਉਡਾਣਾਂ ਰੱਦ ਹੋਈਆਂ। ਘਰੇਲੂ ਹਵਾਈ ਸੇਵਾਵਾਂ ਵਿਚ ਪਹਿਲੇ ਦਿਨ ਭਾਰੀ ਅਵਿਵਸਥਾਵਾਂ ਦੇਖੀਆਂ ਗਈਆਂ।

ਉਡਾਣਾਂ ਰੱਦ ਹੋਣ ਦੇ ਬਾਰੇ ਵਿਚ ਏਅਰ ਇੰਡੀਆ ਨਾਲ ਜੁੜੇ ਇਸ ਅਧਿਕਾਰੀ ਨੇ ਕਈ ਕਾਰਨ ਦੱਸੇ। ਉਨ੍ਹਾਂ ਨੇ ਦੱਸਿਆ ਕਿ ਹੈਦਰਾਬਾਦ ਤੋਂ ਲੈ ਕੇ ਮੁੰਬਈ ਤੱਕ ਜਹਾਜ਼ਾਂ ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਕਾਫੀ ਘੱਟ ਹੈ ਅਤੇ ਇਸ ਕਾਰਨ ਜਹਾਜ਼ ਸੇਵਾਵਾਂ ਨੂੰ ਹੁਣ ਕੰਬਾਇਨ ਕੀਤਾ ਜਾ ਰਿਹਾ ਹੈ। ਕਈ ਯਾਤਰੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਬਿਨਾਂ ਕਿਸੇ ਜਾਣਕਾਰੀ ਦੇ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤ ਹੋਈ। ਇਸ ਬਾਰੇ ਨਾ ਤਾਂ ਫੋਨ 'ਤੇ ਜਾਣਕਾਰੀ ਦਿੱਤੀ ਗਈ ਅਤੇ ਨਾ ਹੀ ਕੋਈ ਐਸ. ਐਮ. ਐਸ. ਆਇਆ। ਫਲਾਈਟ ਰੱਦ ਹੋਣ ਦੀ ਕੋਈ ਆਨਲਾਈਨ ਜਾਣਕਾਰੀ ਵੀ ਨਹੀਂ ਦਿੱਤੀ ਗਈ। ਯਾਤਰਾ ਨਾ ਕਰ ਪਾਉਣ ਕਾਰਨ ਕਈ ਯਾਤਰੀ ਕਾਫੀ ਨਿਰਾਸ਼ ਦਿਖੇ। ਹਵਾਈ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੇਂਦਰ ਵੱਲੋਂ ਰਾਜ ਸਰਕਾਰਾਂ 'ਤੇ ਛੱਡ ਦਿੱਤਾ ਗਿਆ ਸੀ। ਇਸ ਕਾਰਨ ਹਵਾਈ ਸੇਵਾਵਾਂ 'ਤੇ ਕਾਫੀ ਅਸਰ ਪਿਆ। ਇਕ ਅਧਿਕਾਰੀ ਦਾ ਆਖਣਾ ਹੈ ਕਿ ਇਸ ਕਾਰਨ ਵੱਡੀ ਗਿਣਤੀ ਵਿਚ ਫਲਾਈਟਾਂ ਜਾਂ ਤਾਂ ਰੱਦ ਕਰਨੀਆਂ ਪਈਆਂ ਜਾਂ ਉਹ ਲੇਟ ਹੋ ਗਈਆਂ। ਦਿੱਕਤ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕਈ ਰਾਜਾਂ ਨੇ ਫਲਾਈਟਾਂ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।


Khushdeep Jassi

Content Editor

Related News