ਵਿਗਿਆਨ ਭਵਨ ਦੇ ਆਡੀਟੋਰੀਅਮ ''ਚ ਹੋ ਸਕਦਾ ਹੈ ਮਾਨਸੂਨ ਸੈਸ਼ਨ
Thursday, Jun 04, 2020 - 01:33 AM (IST)
ਨਵੀਂ ਦਿੱਲੀ - ਸੰਸਦ ਦਾ ਮਾਨਸੂਨ ਸੈਸ਼ਨ ਹੁਣ ਵਿਗਿਆਨ ਭਵਨ ਵਿਚ ਬੁਲਾਉਣ ਦੀ ਸੰਭਾਵਨਾ 'ਤੇ ਕੰਮ ਚੱਲ ਰਿਹਾ ਹੈ। ਵਿਗਿਆਨ ਭਵਨ ਵਿਚ ਕਈ ਹਾਲ ਹਨ, ਪਰ ਸਭ ਤੋਂ ਵੱਡਾ ਹੈ ਪੂਰਣ ਸੰਮੇਲਨ ਲਈ ਬਣਾਇਆ ਗਿਆ ਆਡੀਟੋਰੀਅਮ, ਜਿਸ ਵਿਚ ਇਕ ਵਾਰ ਵਿਚ 900 ਲੋਕ ਬੈਠ ਸਕਦੇ ਹਨ। ਜਿਨਾਂ ਲੋਕਾਂ ਨੂੰ ਲੋਕ ਸਭਾ ਦਾ ਇਹ ਸੈਸ਼ਨ ਆਯੋਜਿਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉਨਾਂ ਮੁਤਾਬਕ ਵਿਗਿਆਨ ਭਵਨ ਵਿਚ ਸੰਸਦ ਸੈਸ਼ਨ ਬੁਲਾਇਆ ਜਾ ਸਕਦਾ ਹੈ ਅਤੇ ਇਥੇ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦੀ ਵੀ ਪਾਲਣਾ ਹੋ ਪਾਵੇਗੀ।
ਸਰਕਾਰ ਦੇ ਉੱਚ ਅਧਿਕਾਰੀਆਂ ਦੇ ਸੂਤਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਸਰਕਾਰ ਦੇ ਵੱਡੇ ਅਧਿਕਾਰੀਆਂ ਨੇ ਇਸ ਥਾਂ ਦਾ ਦੌਰਾ ਕੀਤਾ ਅਤੇ ਇਸ ਗੱਲ ਦਾ ਆਕਲਨ ਕੀਤਾ ਕਿ ਕੀ ਸੰਸਦੀ ਜ਼ਰੂਰਤਾਂ ਪੂਰੀਆਂ ਕਰਨ ਲਈ ਇਥੇ ਛੋਟੀ ਮਿਆਦ ਦਾ ਸੈਸ਼ਨ ਬੁਲਾਉਣ ਸਬੰਧੀ ਇਹ ਆਡੀਟੋਰੀਅਮ ਸਹੀ ਨਾਲ ਢੰਗ ਨਾਲ ਲੈਸ ਹੈ ? ਆਡੀਟੋਰੀਅਮ ਨਿਚ ਹਾਈ-ਟੈੱਕ ਗੈਜਟਸ ਲੱਗੇ ਹਨ ਜਿਨ੍ਹਾਂ ਦੀ ਮਦਦ ਨਾਲ ਲਾਈਵ ਸੈਸ਼ਨ ਆਯੋਜਿਤ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਸਾਰੇ ਪ੍ਰਤੀਭਾਗੀ ਆਪਣੀ ਵਾਰੀ ਵਿਚ ਆਪਣੀ ਗੱਲ ਰੱਖ ਸਕਦੇ ਹਨ। ਵਿਗਿਆਨ ਭਵਨ ਕਾਫੀ ਸੁਰੱਖਿਅਤ ਅਤੇ ਦੂਰ ਤੱਕ ਫੈਲੀ ਇਮਾਰਤ ਹੈ, ਜਿਸ ਵਿਚ ਕੈਟਰਿੰਗ ਦੀ ਸੁਵਿਧਾ ਦੇ ਨਾਲ ਦਫਤਰੀ ਕਮਰੇ ਹਨ। ਉਪ-ਰਾਸ਼ਟਰਪਤੀ ਵੈਂਕੇਯਾ ਨਾਇਡੂ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਜੁਲਾਈ-ਅਗਲਤ ਵਿਚ ਸੰਸਦ ਦਾ ਮਾਨਸੂਨ ਸੈਸ਼ਨ ਬੁਲਾਉਣ ਨੂੰ ਲੈ ਕੇ ਉਚਿਤ ਥਾਂ ਲੱਭਣ ਲਈ ਰੁਝੇ ਹੋਏ ਹਨ।
ਮਾਨਸੂਨ ਸੈਸ਼ਨ ਸੰਸਦ ਦੇ ਕੇਂਦਰੀ ਹਾਲ ਵਿਚ ਬੁਲਾਉਣ ਦੀ ਸੰਭਾਵਨਾ 'ਤੇ ਵੀ ਵਿਚਾਰ ਕੀਤਾ ਗਿਆ ਸੀ, ਪਰ ਉਸ ਵਿਚ ਬੈਠਣ ਦੀ ਸਮਰੱਥਾ ਸਿਰਫ 550 ਹੈ ਅਤੇ ਉਥੇ ਸੋਸ਼ਲ ਡਿਸਟੈਂਸਿੰਗ ਨਿਯਮ ਦਾ ਪਾਲਣ ਨਹੀਂ ਹੋ ਪਾਵੇਗਾ। ਬਜਟ ਸੈਸ਼ਨ 23 ਮਾਰਚ ਨੂੰ ਖਤਮ ਹੋਇਆ ਸੀ, ਇਸ ਲਈ ਸੰਸਦ ਸੈਸ਼ਨ 22 ਸਤੰਬਰ ਤੋਂ ਪਹਿਲਾਂ ਹੋਣਾ ਜ਼ਰੂਰੀ ਹੈ। ਸੰਸਦੀ ਪ੍ਰਾਵਧਾਨ ਮੁਤਾਬਕ ਸੰਸਦ ਦੇ 2 ਸੈਸ਼ਨਾਂ ਵਿਚਾਲੇ 6 ਮਹੀਨੇ ਤੋਂ ਜ਼ਿਆਦਾ ਦਾ ਫਰਕ ਨਹੀਂ ਹੋਣਾ ਚਾਹੀਦਾ।