ਹਿਮਾਚਲ ’ਚ 11 ਜੁਲਾਈ ਤਕ ਬਾਰਿਸ਼ ਦਾ ਅਲਰਟ, ਮਾਨਸੂਨ ਕਾਰਨ 9 ਦਿਨਾਂ ’ਚ 53 ਲੋਕਾਂ ਦੀ ਗਈ ਜਾਨ

Friday, Jul 08, 2022 - 03:33 PM (IST)

ਹਿਮਾਚਲ ’ਚ 11 ਜੁਲਾਈ ਤਕ ਬਾਰਿਸ਼ ਦਾ ਅਲਰਟ, ਮਾਨਸੂਨ ਕਾਰਨ 9 ਦਿਨਾਂ ’ਚ 53 ਲੋਕਾਂ ਦੀ ਗਈ ਜਾਨ

ਸ਼ਿਮਲਾ– ਹਿਮਾਚਲ ’ਚ ਮਾਨਸੂਨ ਦੇ ਚਲਦੇ 11 ਜੁਲਾਈ ਤਕ ਮੌਸਮ ਖਰਾਬ ਰਹੇਗਾ। ਮੌਸਮ ਵਿਭਾਗ ਨੇ 11 ਜੁਲਾਈ ਤਕ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪ੍ਰਦੇਸ਼ ’ਚ ਸਾਰੇ ਖੇਤਰਾਂ ’ਚ ਮੋਹਲੇਧਾਰ ਬਾਰਿਸ਼ ਦਾ ਦੌਰ ਜਾਰੀ ਹੈ। ਉੱਥੇ ਹੀ 11 ਜੁਲਾਈ ਤੋਂ ਬਾਅਦ ਮਾਨਸੂਨ ਦਾ ਜ਼ੋਰ ਘਟੇਗਾ ਅਤੇ 20 ਜੁਲਾਈ ਤਕ ਘੱਟ ਰਹੇਗਾ, ਅਜਿਹੇ ’ਚ ਪ੍ਰਦੇਸ਼ ’ਚ ਬਾਰਿਸ਼ ਕਾਰਨ ਹੋ ਰਹੀਆਂ ਦੁਰਘਟਨਾਵਾਂ ’ਤੇ ਰੋਕ ਲਗਾਉਣ ਦੀ ਸੰਭਾਵਨਾ ਹੈ। ਉੱਥੇ ਹੀ ਵੀਰਵਾਰ ਨੂੰ ਰਾਜਧਾਨੀ ਸ਼ਿਮਲਾ ਸਮੇਤ ਪ੍ਰਦੇਸ਼ ਦੇ ਕਈ ਖੇਤਰਾਂ ’ਚ ਮੌਸਮ ਸਾਫ ਰਿਹਾ ਜਦਕਿ ਕਈ ਖੇਤਰਾਂ ’ਚ ਹਕੀ ਬਾਰਿਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ, ਸਭ ਤੋਂ ਜ਼ਿਆਦਾ ਬਾਰਿਸ਼ (70 ਮਿਲੀਮੀਟਰ) ਜਤੇਨ ਬੈਰੇਜ ’ਚ ਦਰਜ ਕੀਤੀ ਗਈ। ਇਸ ਤੋਂ ਇਲਾਵਾ ਖੇਡੀ ’ਚ 25, ਨਾਹਨ ’ਚ 21, ਪਾਉਂਟਾ ਸਾਹਿਬ ’ਚ 10, ਸੋਲਨ ’ਚ 5, ਚੰਬਾ ਅਤੇ ਡਲਹੋਜ਼ੀ ’ਚ 4, ਚਤਰਾੜੀ, ਕੁਕੁਮਸੇਰੀ, ਖਦਰਾਲਾ ਅਤੇ ਕੋਟਖਾਈ ’ਚ 3 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਪ੍ਰਦੇਸ਼ ’ਚ 1 ਤੋਂ 6 ਜੁਲਾਈ ਤਕ ਆਮ ਦੇ ਮੁਕਾਬਲੇ 57 ਫੀਸਦੀ ਜ਼ਿਆਦਾ ਬਾਰਿਸ਼ ਹੋ ਚੁੱਕੀ ਹੈ। ਬਿਲਾਸਪੁਰ ਜ਼ਿਲ੍ਹਾ ’ਚ ਸਭ ਤੋਂ ਜ਼ਿਆਦਾ 139.1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। 

ਮਾਨਸੂਨ ਕਾਰਨ 47.63 ਕਰੋੜ ਰੁਪਏ ਦਾ ਨੁਕਸਾਨ

ਹਿਮਾਚਲ ਪ੍ਰਦੇਸ਼ ’ਚ ਪਿਛਲੇ 9 ਦਿਨਾਂ ’ਚ ਮਾਨਸੂਨ ਕਾਰਨ ਹੋਈਆਂ ਦੁਰਘਟਨਾਵਾਂ ’ਚ 53 ਲੋਕਾਂ ਦੀ ਜਾਨ ਚਲੀ ਗਈ ਹੈ। ਉੱਥੇ ਹੀ ਪ੍ਰਦੇਸ਼ ਨੂੰ 47.63 ਕਰੋੜ ਰੁਪਏ ਦਾ ਨੁਕਸਾਨ ਵੀ ਮਾਨਸੂਨ ਕਾਰਨ ਹੋ ਚੁੱਕਾ ਹੈ। ਲੋਕ ਨਿਰਮਾਣ ਵਿਭਾਗ ਨੂੰ ਸਭ ਤੋਂ ਜ਼ਿਆਦਾ 45 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਜਾਰੀ ਰਿਪੋਰਟ ਅਨੁਸਾਰ ਵੀਰਵਾਰ ਨੂੰ ਵੀ ਪ੍ਰਦੇਸ਼ ’ਚ 4 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ’ਚ 2 ਮੌਤਾਂ ਊਨਾ ਜ਼ਿਲ੍ਹਾ ’ਚ ਕੰਧ ਡਿੱਗਣ ਕਾਰਨ ਹੋਈਆਂ ਹਨ। ਉੱਥੇ ਹੀ ਇਕ ਮੌਤ ਮੰਡੀ ਜ਼ਿਲ੍ਹਾ ’ਚ ਉਚਾਈ ਤੋਂ ਡਿੱਗਣ ਕਾਰਨ ਹੋਈ ਹੈ ਅਤੇ ਇਕ ਮੌਤ ਸਿਰਮੌਰ ਜ਼ਿਲ੍ਹੇ ’ਚ ਸੜਕ ਹਾਦਸੇ ਕਾਰਨ ਹੋਈ ਹੈ।


author

Rakesh

Content Editor

Related News