ਇਸ ਮਹੀਨੇ ਦੇ ਆਖਰੀ ਹਫਤੇ ਮਾਨਸੂਨ ਦੇ ਦਿੱਲੀ ਪੁੱਜਣ ਦੀ ਸੰਭਾਵਨਾ
Wednesday, Jun 05, 2019 - 11:09 PM (IST)

ਨਵੀਂ ਦਿੱਲੀ : ਪਿਛਲੇ ਕੁਝ ਦਿਨਾਂ ਤੋਂ ਭਿਆਨਕ ਗਰਮੀ ਦੀ ਮਾਰ ਸਹਿ ਰਹੇ ਲੋਕਾਂ ਲਈ ਇਕ ਖੁਸ਼ਖਬਰੀ ਹੈ। ਮੌਸਮ ਬਾਰੇ ਪੇਸ਼ਗੀ ਅਨੁਮਾਨ ਲਾਉਣ ਵਾਲੀ ਏਜੰਸੀ ਸਕਾਈਮੇਟ ਨੇ ਕਿਹਾ ਹੈ ਕਿ ਆਉਂਦੇ 48 ਘੰਟਿਆਂ ਅੰਦਰ ਮਾਨਸੂਨ ਕੇਰਲ ਪਹੁੰਚ ਜਾਏਗੀ। ਇਸ ਦੇ ਨਾਲ ਹੀ ਇਸ ਦੇ ਦਿੱਲੀ 'ਚ ਵੀ ਇਸ ਮਹੀਨੇ ਦੇ ਆਖਰੀ ਹਫਤੇ ਆ ਜਾਣ ਦੀ ਸੰਭਾਵਨਾ ਹੈ।
ਸਕਾਈਮੇਟ 'ਚ ਮੌਸਮ ਵਿਗਿਆਨੀ ਸਮਰ ਚੌਧਰੀ ਨੇ ਦੱਸਿਆ ਕਿ ਇਸ ਸਾਲ ਮਾਨਸੂਨ ਕਮਜ਼ੋਰ ਰਹੇਗਾ। ਦਿੱਲੀ ਤੇ ਨਾਲ ਲੱਗਦੇ ਇਲਾਕਿਆਂ 'ਚ ਇਸ ਦੀ ਆਮਦ ਭਾਵੇਂ ਜੂਨ ਦੇ ਆਖਰੀ ਹਫਤੇ ਸੰਭਵ ਹੈ ਪਰ ਕੇਰਲ 'ਚ ਮਾਨਸੂਨ ਦੇ ਕੁਝ ਦਿਨ ਪਛੜ ਕੇ ਆਉਣ ਕਾਰਨ ਦਿੱਲੀ 'ਚ ਵੀ ਇਸ ਦੀ ਆਮਦ 10 ਤੋਂ 15 ਦਿਨ ਅੱਗੇ ਪੈ ਸਕਦੀ ਹੈ। ਚੌਧਰੀ ਨੇ ਦੱਸਿਆ ਕਿ ਪਿਛਲੇ 65 ਸਾਲ ਦੌਰਾਨ ਦੂਜੀ ਵਾਰ ਸਭ ਤੋਂ ਵੱਧ ਸੋਕਾ ਪਿਆ ਹੈ। ਪ੍ਰੀ-ਮਾਨਸੂਨ ਲਈ ਸਾਧਾਰਨ ਵਰਖਾ 131.5 ਮਿ. ਮੀ. ਹੁੰਦੀ ਹੈ ਪਰ ਹੁਣ ਤੱਕ ਸਿਰਫ 99 ਮਿ. ਮੀ. ਮੀਂਹ ਪਿਆ ਹੈ।