ਕੇਰਲਮ ਪਹੁੰਚਿਆ ਮਾਨਸੂਨ, ਇਸ ਸਾਲ ਆਮ ਨਾਲੋਂ ਘੱਟ ਮੀਂਹ ਦਾ ਖਦਸ਼ਾ

Thursday, Jun 04, 2026 - 11:27 PM (IST)

ਕੇਰਲਮ ਪਹੁੰਚਿਆ ਮਾਨਸੂਨ, ਇਸ ਸਾਲ ਆਮ ਨਾਲੋਂ ਘੱਟ ਮੀਂਹ ਦਾ ਖਦਸ਼ਾ

ਨਵੀਂ ਦਿੱਲੀ- ਦੱਖਣ-ਪੱਛਮੀ ਮਾਨਸੂਨ ਨੇ ਵੀਰਵਾਰ ਨੂੰ ਕੇਰਲਮ ’ਚ ਦਸਤਕ ਦੇ ਦਿੱਤੀ, ਇਸ ਦੇ ਨਾਲ ਹੀ ਦੇਸ਼ ’ਚ 4 ਮਹੀਨੇ ਚੱਲਣ ਵਾਲੀ ਵਰਖਾ ਰੁੱਤ ਦੀ ਰਸਮੀ ਸ਼ੁਰੂਆਤ ਹੋ ਗਈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਅਨੁਸਾਰ, ਮਾਨਸੂਨ ਨੇ ਦੱਖਣ-ਪੱਛਮੀ ਅਤੇ ਦੱਖਣ-ਪੂਰਬੀ ਅਰਬ ਸਾਗਰ ਦੇ ਬਾਕੀ ਖੇਤਰਾਂ, ਪੂਰੇ ਲਕਸ਼ਦੀਪ ਸਮੂਹ, ਕੇਰਲਮ ਅਤੇ ਮਾਹੇ, ਕਰਨਾਟਕ ਤੇ ਤਾਮਿਲਨਾਡੂ ਦੇ ਕੁਝ ਹਿੱਸਿਆਂ ਅਤੇ ਬੰਗਾਲ ਦੀ ਖਾੜੀ ਦੇ ਵਿਸਤ੍ਰਿਤ ਖੇਤਰਾਂ ਨੂੰ ਕਵਰ ਕਰ ਲਿਆ ਹੈ। ਆਮ ਤੌਰ ’ਤੇ ਮਾਨਸੂਨ 1 ਜੂਨ ਦੇ ਆਸ-ਪਾਸ ਕੇਰਲਮ ਪਹੁੰਚਦਾ ਹੈ, ਹਾਲਾਂਕਿ ਇਸ ਵਾਰ ਇਸ ਦੀ ਦਸਤਕ 4 ਜੂਨ ਨੂੰ ਹੋਈ ਹੈ।

ਉੱਥੇ ਹੀ, ਵਿਭਾਗ ਨੇ ਹਾਲ ਹੀ ’ਚ ਆਪਣੇ ਮੌਸਮੀ ਮੀਂਹ ਦੇ ਅਗਾਊਂ-ਅੰਦਾਜ਼ੇ ’ਚ ਸੋਧ ਕਰਦੇ ਹੋਏ ਕਿਹਾ ਹੈ ਕਿ ਇਸ ਸਾਲ ਦੇਸ਼ ’ਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਸੰਭਾਵੀ ਅਲ ਨੀਨੋ ਹਾਲਾਤ ਇਸ ਸਾਲ ਮਾਨਸੂਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਮੌਜੂਦਾ ਸਮੇਂ ’ਚ ਭੂ-ਮੱਧ ਰੇਖਾ ਵਾਲੇ ਪ੍ਰਸ਼ਾਂਤ ਮਹਾਸਾਗਰ ਖੇਤਰ ’ਚ ਨਿਰਪੱਖ ਸਥਿਤੀ ਹੌਲੀ-ਹੌਲੀ ਅਲ ਨੀਨੋ ਵੱਲ ਵਧ ਰਹੀ ਹੈ। ਜੂਨ ’ਚ ਅਲ ਨੀਨੋ ਦਾ ਅਸਰ ਕਮਜ਼ੋਰ ਰਹੇਗਾ ਪਰ ਸਤੰਬਰ ਤੱਕ ਇਸ ਦੇ ਦਰਮਿਆਨੇ ਤੋਂ ਮਜ਼ਬੂਤ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਮਾਨਸੂਨੀ ਮੀਂਹ ’ਤੇ ਅਸਰ ਪੈ ਸਕਦਾ ਹੈ।


author

Rakesh

Content Editor

Related News