ਰਨਵੇ ''ਤੇ ਦੌੜਦੇ ਸਵਾਰੀਆਂ ਨਾਲ ਭਰੇ ਜਹਾਜ਼ ਅੱਗੇ ਆ ਗਿਆ ਬਾਂਦਰ ! ਫ਼ਿਰ ਜੋ ਹੋਇਆ...
Thursday, Apr 30, 2026 - 05:18 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਅਮੌਸੀ ਹਵਾਈ ਅੱਡੇ 'ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਬਾਂਦਰ ਅਚਾਨਕ ਰਨਵੇਅ 'ਤੇ ਆ ਗਿਆ। ਇਸ ਘਟਨਾ ਕਾਰਨ ਇੰਡੀਗੋ ਏਅਰਲਾਈਨਜ਼ ਦੀ ਇੱਕ ਫਲਾਈਟ, ਜੋ ਕਿ ਟੇਕਆਫ਼ ਕਰਨ ਦੀ ਤਿਆਰੀ 'ਚ ਸੀ, ਨੂੰ ਅੱਧ ਵਿਚਾਲੇ ਹੀ ਰੋਕਣਾ ਪਿਆ।
ਇੰਡੀਗੋ ਦੀ ਇਹ ਫਲਾਈਟ 6E-2435 ਲਖਨਊ ਤੋਂ ਅਹਿਮਦਾਬਾਦ ਲਈ ਰਵਾਨਾ ਹੋਣ ਵਾਲੀ ਸੀ। ਜਦੋਂ ਜਹਾਜ਼ ਰਨਵੇਅ 'ਤੇ ਤੇਜ਼ ਰਫ਼ਤਾਰ ਨਾਲ ਦੌੜ ਰਿਹਾ ਸੀ ਅਤੇ ਉਡਾਣ ਭਰਨ ਹੀ ਵਾਲਾ ਸੀ, ਤਾਂ ਪਾਇਲਟ ਨੇ ਰਨਵੇਅ 'ਤੇ ਇੱਕ ਬਾਂਦਰ ਨੂੰ ਘੁੰਮਦੇ ਦੇਖਿਆ। ਪਾਇਲਟ ਨੇ ਤੁਰੰਤ ਸੂਝ-ਬੂਝ ਦਿਖਾਉਂਦੇ ਹੋਏ ਐਮਰਜੈਂਸੀ ਬ੍ਰੇਕ ਲਗਾ ਦਿੱਤੀ ਅਤੇ ਏਅਰ ਟ੍ਰੈਫਿਕ ਕੰਟਰੋਲ ਨੂੰ ਸੂਚਿਤ ਕੀਤਾ। ਇਸ ਸਮੇਂ ਜਹਾਜ਼ ਵਿੱਚ ਲਗਭਗ 180 ਯਾਤਰੀ ਸਵਾਰ ਸਨ। ਅਚਾਨਕ ਲੱਗੀ ਬ੍ਰੇਕ ਕਾਰਨ ਯਾਤਰੀਆਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ, ਪਰ ਸਾਰੇ ਯਾਤਰੀ ਸੁਰੱਖਿਅਤ ਹਨ।
ਇਹ ਵੀ ਪੜ੍ਹੋ- 'ਤੇਲ' ਹੀ ਬਣ ਗਿਆ ਇਰਾਨ ਲਈ ਸਭ ਤੋਂ ਵੱਡੀ ਮੁਸੀਬਤ ! ਬੰਦ ਕਰਨਾ ਪੈ ਸਕਦੈ ਪ੍ਰੋਡਕਸ਼ਨ
ਇਸ ਮਗਰੋਂ ਜਹਾਜ਼ ਨੂੰ ਵਾਪਸ 'ਬੇਅ' ਵਿੱਚ ਲਿਜਾਇਆ ਗਿਆ। ਇੰਜੀਨੀਅਰਾਂ ਨੇ ਜਹਾਜ਼ ਦੇ ਟਾਇਰਾਂ ਅਤੇ ਬ੍ਰੇਕਿੰਗ ਸਿਸਟਮ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਕਿਉਂਕਿ ਤੇਜ਼ ਰਫ਼ਤਾਰ 'ਤੇ ਬ੍ਰੇਕ ਲਗਾਉਣ ਨਾਲ ਤਕਨੀਕੀ ਸਮੱਸਿਆ ਆ ਸਕਦੀ ਹੈ। ਇਸ ਸਾਰੀ ਪ੍ਰਕਿਰਿਆ ਕਾਰਨ ਫਲਾਈਟ ਨੇ ਲਗਭਗ ਇੱਕ ਘੰਟੇ ਦੀ ਦੇਰੀ ਨਾਲ ਉਡਾਣ ਭਰੀ।
ਏਅਰਪੋਰਟ ਪ੍ਰਸ਼ਾਸਨ ਨੇ ਬਾਂਦਰ ਨੂੰ ਰਨਵੇਅ ਤੋਂ ਹਟਾਉਣ ਲਈ ਆਪਣੀ ਟੀਮ ਅਤੇ ਜੰਗਲੀ ਜੀਵ ਮਾਹਿਰਾਂ ਨੂੰ ਤਾਇਨਾਤ ਕੀਤਾ, ਜਿਸ ਮਗਰੋਂ ਬਾਂਦਰ ਨੂੰ ਰਨਵੇ ਤੋਂ ਸੁਰੱਖਿਅਤ ਹਟਾ ਕੇ ਜੰਗਲਾਤ ਵਿਭਾਗ ਨੂੰ ਸੌਂਪ ਦਿੱਤਾ ਗਿਆ। ਪਰ ਹਵਾਈ ਅੱਡੇ ਦੇ ਅੰਦਰ ਬਾਂਦਰ ਦਾ ਦਾਖਲ ਹੋਣਾ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰਦਾ ਹੈ। ਅਧਿਕਾਰੀਆਂ ਅਨੁਸਾਰ, ਨੇੜਲੇ ਇਲਾਕਿਆਂ ਵਿੱਚ ਸੰਘਣੇ ਦਰੱਖਤ ਹੋਣ ਕਾਰਨ ਅਕਸਰ ਜਾਨਵਰ ਕੰਧਾਂ ਟੱਪ ਕੇ ਅੰਦਰ ਆ ਜਾਂਦੇ ਹਨ, ਹਾਲਾਂਕਿ ਗਨਿਮਤ ਰਹੀ ਕਿ ਇਸ ਕਾਰਨ ਜਹਾਜ਼ ਨੂੰ ਤੇ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਇਹ ਵੀ ਪੜ੍ਹੋ- ਇਰਾਨ ਖ਼ਿਲਾਫ਼ ਵੱਡੀ ਕਾਰਵਾਈ ਦੀ ਤਿਆਰੀ 'ਚ ਅਮਰੀਕਾ ! ਟਰੰਪ ਨੇ ਫੌਜੀ ਅਫ਼ਸਰਾਂ ਨਾਲ ਸੱਦ ਲਈ ਮੀਟਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
