ED ਦਾ ਵੱਡਾ ਐਕਸ਼ਨ, ਸਾਬਕਾ MLA ਰਾਮ ਨਿਵਾਸ ਅਤੇ ਸੁਨੀਲ ਬਾਂਸਲ ਗ੍ਰਿਫ਼ਤਾਰ
Wednesday, Jun 11, 2025 - 05:53 PM (IST)

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਕਿਹਾ ਕਿ ਏਜੰਸੀ ਨੇ ਫੰਡਾਂ ਦੀ ਕਥਿਤ ਦੁਰਵਰਤੋਂ ਨਾਲ ਸਬੰਧਤ ਇਕ ਮਾਮਲੇ ਵਿਚ ਹਰਿਆਣਾ ਦੇ ਸਾਬਕਾ ਵਿਧਾਇਕ ਰਾਮ ਨਿਵਾਸ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (HSVP) ਦੇ ਸਾਬਕਾ ਅਧਿਕਾਰੀ ਨੂੰ ਮਨੀ ਲਾਂਡਰਿੰਗ ਵਿਰੋਧੀ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਵਿਧਾਇਕ ਅਤੇ ਸਾਬਕਾ ਅਧਿਕਾਰੀ ਨੂੰ ਅਥਾਰਟੀ ਵਿਚ ਫੰਡਾਂ ਦੀ ਕਥਿਤ ਦੁਰਵਰਤੋਂ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਨਿਵਾਸ ਅਤੇ ਸੁਨੀਲ ਕੁਮਾਰ ਬਾਂਸਲ ਨੂੰ 9 ਜੂਨ ਨੂੰ ਚੰਡੀਗੜ੍ਹ ਵਿਚ ਹਿਰਾਸਤ ਵਿਚ ਲਿਆ ਗਿਆ ਸੀ।
ਈਡੀ ਨੇ ਇਕ ਬਿਆਨ 'ਚ ਕਿਹਾ ਕਿ ਨਿਵਾਸ 2019 ਤੋਂ 2024 ਤੱਕ ਵਿਧਾਇਕ ਰਹੇ ਹਨ। ਉਹ ਬਾਂਸਲ ਵਾਂਗ ਅਥਾਰਟੀ ਦੇ ਸਾਬਕਾ ਅਧਿਕਾਰੀ ਵੀ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਰਾਮ ਨਿਵਾਸ ਨੇ ਜਨਨਾਇਕ ਜਨਤਾ ਪਾਰਟੀ (JJP) ਦੀ ਟਿਕਟ 'ਤੇ ਚੋਣ ਜਿੱਤਣ ਤੋਂ ਬਾਅਦ ਨਰਵਾਣਾ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕੀਤੀ ਸੀ। ਇਹ ਮਨੀ ਲਾਂਡਰਿੰਗ ਮਾਮਲਾ ਪੰਚਕੂਲਾ ਦੇ ਸੈਕਟਰ-7 ਪੁਲਸ ਸਟੇਸ਼ਨ 'ਚ ਅਣਪਛਾਤੇ ਵਿਅਕਤੀਆਂ ਵਿਰੁੱਧ ਹਰਿਆਣਾ ਪੁਲਸ ਵਲੋਂ ਦਰਜ ਕੀਤੀ ਗਈ FIR 'ਤੇ ਅਧਾਰਿਤ ਹੈ। ਇਹ ਮਾਮਲਾ ਅਥਾਰਟੀ ਦੇ ਡਰਾਇੰਗ ਅਤੇ ਵੰਡ ਅਧਿਕਾਰੀ (DDO) ਵਲੋਂ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ।
ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਸੀ ਕਿ ਚੰਡੀਗੜ੍ਹ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਅਥਾਰਟੀ ਦੇ ਬੈਂਕ ਖਾਤੇ ਰਾਹੀਂ 'ਧੋਖਾਧੜੀ ਅਤੇ ਵਿੱਤੀ ਨੁਕਸਾਨ' ਕੀਤਾ ਗਿਆ ਸੀ। ਪੁਲਸ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਈਡੀ ਨੇ ਕਿਹਾ ਕਿ ਇਹ ਦੋਸ਼ ਹੈ ਕਿ 2015 ਅਤੇ 2019 ਦੇ ਵਿਚਕਾਰ ਅਥਾਰਟੀ ਦੇ ਉਕਤ ਬੈਂਕ ਖਾਤੇ ਤੋਂ ਲਗਭਗ 70 ਕਰੋੜ ਰੁਪਏ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਕੁਝ ਚੁਣੇ ਹੋਏ ਲੋਕਾਂ ਦੇ ਖਾਤਿਆਂ ਵਿਚ ਵਾਰ-ਵਾਰ ਭੇਜੇ ਗਏ, ਜਿਸ ਨਾਲ 70 ਕਰੋੜ ਰੁਪਏ ਦਾ ਨੁਕਸਾਨ ਹੋਇਆ।