ਮਨੀ ਲਾਂਡਰਿੰਗ ਮਾਮਲਾ : ਮਹਾਰਾਸ਼ਟਰ ਦੇ ਸਾਬਕਾ ਮੰਤਰੀ ਦੇਸ਼ਮੁੱਖ ਦੇ ਪੁੱਤਰ ਨੂੰ ਮਿਲੀ ਜ਼ਮਾਨਤ
Monday, Nov 28, 2022 - 04:55 PM (IST)
ਮੁੰਬਈ (ਭਾਸ਼ਾ)- ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਪੁੱਤਰ ਰਿਸ਼ੀਕੇਸ਼ ਦੇਸ਼ਮੁੱਖ ਮਨੀ ਲਾਂਡਰਿੰਗ ਮਾਮਲੇ 'ਚ ਸੋਮਵਾਰ ਨੂੰ ਇੱਥੇ ਇਕ ਵਿਸ਼ੇਸ਼ ਅਦਾਲਤ 'ਚ ਪੇਸ਼ ਹੋਇਆ, ਜਿੱਥੇ ਉਸ ਨੂੰ ਜ਼ਮਾਨਤ ਮਿਲ ਗਈ। ਮਨੀ ਲਾਂਡਰਿੰਗ ਰੋਕੂ ਕਾਨੂੰਨ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਵਿਸ਼ੇਸ਼ ਅਦਾਲਤ ਨੇ ਉਸ ਦੀ ਹਾਜ਼ਰੀ ਦਰਜ ਕੀਤੀ ਅਤੇ ਫਿਰ ਉਸ ਨੂੰ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਇਸ ਸਾਲ ਫਰਵਰੀ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਮਾਮਲੇ 'ਚ ਆਪਣੀ ਸ਼ਿਕਾਇਤ (ਚਾਰਜਸ਼ੀਟ) ਦਾਖ਼ਲ ਕਰਨ ਤੋਂ ਬਾਅਦ ਰਿਸ਼ੀਕੇਸ਼ ਨੂੰ ਸੰਮਨ ਜਾਰੀ ਕੀਤਾ ਸੀ। ਰਿਸ਼ੀਕੇਸ਼ ਨੂੰ ਚਾਰਜਸ਼ੀਟ 'ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ।
ਅਦਾਲਤ 'ਚ ਪੇਸ਼ ਹੋਣ ਤੋਂ ਬਾਅਦ ਰਿਸ਼ੀਕੇਸ਼ ਨੇ ਆਪਣੇ ਵਕੀਲ ਅਨਿਕੇਤ ਨਿਕਮ ਰਾਹੀਂ ਇਕ ਅਰਜ਼ੀ ਦਾਇਰ ਕੀਤੀ, ਜਿਸ 'ਚ ਅਦਾਲਤ ਨੂੰ ਉਸ ਦੀ ਪੇਸ਼ੀ ਸਵੀਕਾਰ ਕਰਨ ਅਤੇ ਉਸ ਨੂੰ ਜ਼ਮਾਨਤ ਦੇਣ ਦੀ ਬੇਨਤੀ ਕੀਤੀ ਗਈ। ਆਪਣੀ ਅਰਜ਼ੀ 'ਚ ਰਿਸ਼ੀਕੇਸ਼ ਨੇ ਦਲੀਲ ਦਿੱਤੀ ਕਿ ਈ.ਡੀ. ਮਾਮਲੇ 'ਚ ਦੋਸ਼ ਜਨਵਰੀ 2020 ਤੋਂ ਅਪ੍ਰੈਲ 2021 ਦਰਮਿਆਨ ਸਾਬਕਾ ਗ੍ਰਹਿ ਮੰਤਰੀ ਵਜੋਂ ਉਸ ਦੇ ਪਿਤਾ ਦੇ ਕਥਿਤ ਕੰਮਾਂ ਤੱਕ ਸੀਮਿਤ ਹਨ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਬੰਬੇ ਹਾਈ ਕੋਰਟ ਨੇ ਇਸ ਮਾਮਲੇ 'ਚ ਅਨਿਲ ਦੇਸ਼ਮੁਖ ਨੂੰ ਪਹਿਲਾਂ ਹੀ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ ਇਸ ਮਾਮਲੇ 'ਚ ਅਨਿਲ ਦੇਸ਼ਮੁੱਖ ਨੂੰ ਜ਼ਮਾਨਤ ਮਿਲ ਚੁੱਕੀ ਹੈ ਪਰ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਆਪਣੇ ਖ਼ਿਲਾਫ਼ ਦਰਜ ਇਕ ਹੋਰ ਮਾਮਲੇ 'ਚ ਅਜੇ ਵੀ ਜੇਲ੍ਹ 'ਚ ਬੰਦ ਹੈ।