ਮਨੀ ਲਾਂਡਰਿੰਗ ਮਾਮਲੇ ’ਚ ਆਪੇ ਬਣੇ ਬਾਬੇ ਖਰਾਤ ’ਤੇ ED ਦਾ ਸ਼ਿਕੰਜਾ, ਕੰਪਲੈਕਸਾਂ ’ਤੇ ਛਾਪੇਮਾਰੀ
Tuesday, Apr 14, 2026 - 10:16 AM (IST)
ਮੁੰਬਈ (ਭਾਸ਼ਾ)- ਸਾਬਕਾ ਮਰਚੈਂਟ ਨੇਵੀ ਅਧਿਕਾਰੀ ਤੇ ਆਪੇ ਬਣੇ ਬਾਬੇ ਅਸ਼ੋਕ ਖਰਾਤ ਅਤੇ ਉਸ ਨਾਲ ਜੁੜੀਆਂ ਜਥੇਬੰਦੀਆਂ ਦੇ ਖ਼ਿਲਾਫ ਮਨੀ ਲਾਂਡਰਿੰਗ ਦੀ ਜਾਂਚ ਹੇਠ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸੋਮਵਾਰ ਨੂੰ ਸ਼ਿਕੰਜਾ ਕੱਸ ਦਿੱਤਾ ਹੈ। ਈ. ਡੀ. ਨੇ ਮਹਾਰਾਸ਼ਟਰ ਦੇ ਕਈ ਸ਼ਹਿਰਾਂ ’ਚ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਖਰਾਤ ਦੇ ਜੱਦੀ ਸ਼ਹਿਰ ਨਾਸਿਕ ’ਚ ਸਥਿਤ 5 ਕੰਪਲੈਕਸਾਂ ਅਤੇ ਪੁਣੇ ਤੇ ਸ਼ਿਰਡੀ ਦੇ 3-3 ਕੰਪਲੈਕਸਾਂ ’ਤੇ ਛਾਪੇਮਾਰੀ ਕੀਤੀ ਗਈ। ਖਰਾਤ, ਉਨ੍ਹਾਂ ਦੇ ਚਾਰਟਰਡ ਅਕਾਊਂਟੈਂਟ (ਸੀ. ਏ.) ਪ੍ਰਕਾਸ਼ ਪੋਫਲੇ, ਖਰਾਤ ਦੇ ਰਿਸ਼ਤੇਦਾਰਾਂ ਅਤੇ ਸਹਿਕਾਰੀ ਕਰਜ਼ਾ ਕਮੇਟੀਆਂ ਦੀਆਂ ਕੁਝ ਸ਼ਾਖਾਵਾਂ ਨਾਲ ਜੁੜੇ ਰਿਹਾਇਸ਼ੀ ਅਤੇ ਵਪਾਰਕ ਕੰਪਲੈਕਸਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਅਦਾਲਤ ਨੇ ਜਬਰ-ਜ਼ਨਾਹ ਦੇ ਤੀਜੇ ਮਾਮਲੇ ’ਚ 7 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ
ਮਹਾਰਾਸ਼ਟਰ ’ਚ ਨਾਸਿਕ ਦੀ ਇਕ ਅਦਾਲਤ ਨੇ ਬਾਬਾ ਅਸ਼ੋਕ ਖਰਾਤ ਨੂੰ ਇਕ ਗਰਭਵਤੀ ਔਰਤ ਦਾ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਜਬਰ-ਜ਼ਨਾਹ ਦੇ ਤੀਜੇ ਮਾਮਲੇ ’ਚ 20 ਅਪ੍ਰੈਲ ਤੱਕ ਨਿਆਇਕ ਹਿਰਾਸਤ ’ਚ ਭੇਜ ਦਿੱਤਾ। ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਖਰਾਤ ਨੂੰ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਬੀ. ਐੱਨ. ਇਚਪੂਰਣੀ ਦੀ ਅਦਾਲਤ ’ਚ ਸੁਣਵਾਈ ਲਈ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਕਿਉਂਕਿ ਇਸ ਮਾਮਲੇ ’ਚ ਉਸ ਦੀ ਪੁਲਸ ਹਿਰਾਸਤ ਅੱਜ ਖ਼ਤਮ ਹੋ ਗਈ ਸੀ। ਖਰਾਤ ’ਤੇ ਆਪਣੇ ਦਫ਼ਤਰ ਦੇ ਇਕ ਮੁਲਾਜ਼ਮ ਦੀ 7 ਮਹੀਨੇ ਦੀ ਗਰਭਵਤੀ ਪਤਨੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਖਰਾਤ ਨੂੰ ਪਹਿਲੀ ਵਾਰ ਮਾਰਚ ਦੇ ਮੱਧ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੀੜਤਾ ਦੇ ਪਤੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਮੁਲਜ਼ਮ ਨੇ ਨਵੰਬਰ, 2023 ਤੋਂ ਦਸੰਬਰ, 2025 ਦਰਮਿਆਨ ਪੀੜਤਾ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ, ਜਿਸ ’ਚ ਨਾਸਿਕ ਸਥਿਤ ਉਸ ਦਾ ਦਫ਼ਤਰ ਵੀ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
