ਯੋਗੀ ਦੀ ਰਾਹ ’ਤੇ ਚੱਲੀ ਮੋਹਨ ਸਰਕਾਰ, ਬਦਮਾਸ਼ ਬੋਲੇ ‘ਗੁੰਡਾਗਰਦੀ ਪਾਪ ਹੈ, ਪੁਲਸ ਹਮਾਰੀ ਬਾਪ ਹੈ’

06/21/2024 10:49:16 PM

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ’ਚ ਮੋਹਨ ਯਾਦਵ ਦੀ ਸਰਕਾਰ ਯੋਗੀ ਸਰਕਾਰ ਦੀ ਤਰਜ਼ ’ਤੇ ਚੱਲਦੀ ਹੋਈ ਨਜ਼ਰ ਆ ਰਹੀ ਹੈ। ਇਸਦਾ ਨਜ਼ਾਰਾ ਸੂਬੇ ਦੇ ਰਾਜਗੜ੍ਹ ਜ਼ਿਲੇ ’ਚ ਦੇਖਣ ਨੂੰ ਮਿਲਿਆ, ਜਿੱਥੇ ਨਰਸਿੰਘਗੜ੍ਹ ਪੁਲਸ ਥਾਣਾ ਖੇਤਰ ’ਚ ਦਹਿਸ਼ਤ ਪੈਦਾ ਕਰਨ ਵਾਲੇ ਬਦਮਾਸ਼ਾਂ ਦੀ ਪਰੇਡ ਕੱਢੀ ਗਈ। ਪਰੇਡ ਕਰਵਾਉਂਦੇ ਹੋਏ ਉਨ੍ਹਾਂ ਨੂੰ ਕੋਰਟ ਲਿਜਾਇਆ ਗਿਆ ਅਤੇ ਪੇਸ਼ ਕੀਤਾ ਗਿਆ। ਇਸ ਪਰੇਡ ਦੌਰਾਨ ਮੁਲਜ਼ਮਾਂ ਨੇ ‘ਗੁੰਡਾਗਰਦੀ ਪਾਪ ਹੈ ਅਤੇ ਪੁਲਸ ਹਮਾਰੀ ਬਾਪ ਹੈ’ ਦੇ ਨਾਅਰਾ ਵੀ ਲਾਏ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਦਰਅਸਲ ਰਾਜਗੜ੍ਹ ਜ਼ਿਲੇ ਦੇ ਨਰਸਿੰਘਪੁਰ ਦੇ ਚੋਪੜਾ ਹਨੂੰਮਾਨ ਮੰਦਰ ਦੀ ਜ਼ਮੀਨ ’ਤੇ ਕਬਜ਼ੇ ਦੇ ਮਾਮਲੇ ’ਚ ਥਾਣੇ ’ਚ ਸ਼ਿਕਾਇਤ ਲੈ ਕੇ ਪਹੁੰਚੇ ਕਮੇਟੀ ਮੈਂਬਰਾਂ ਨਾਲ ਥਾਣੇ ਦੇ ਬਾਹਰ ਹੀ ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਨੂੰ ਮੰਗਲਵਾਰ ਨੂੰ ਪੁਲਸ ਨੇ ਸ਼ਹਿਰ ’ਚ ਜਲੂਸ ਕੱਢਦੇ ਹੋਏ ਕੋਰਟ ’ਚ ਪੇਸ਼ ਕੀਤਾ, ਜਿੱਥੋਂ ਮੁਲਜ਼ਮਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ। ਬਾਜ਼ਾਰ ’ਚ ਕੱਢੇ ਜਲੂਸ ਦੌਰਾਨ ਮੁਲਜ਼ਮਾਂ ਨੇ ‘ਗੁੰਡਾਗਰਦੀ ਪਾਪ ਹੈ, ਪੁਲਸ ਹਮਾਰੀ ਬਾਪ ਹੈ’ ਦੇ ਨਾਅਰੇ ਵੀ ਲਾਏ।

ਇਕ ਰਿਪੋਰਟ ਮੁਤਾਬਕ ਪਿਛਲੇ ਕਰੀਬ ਇਕ ਮਹੀਨੇ ਤੋਂ ਚੋਪੜਾ ਹਨੂੰਮਾਨ ਮੰਦਰ ਕੰਪਲੈਕਸ ਦੇ ਪਲਾਟ ’ਤੇ ਤਾਰ ਲਾਉਣ ਨੂੰ ਲੈ ਕੇ ਵਿਵਾਦ ਖਾਫੀ ਗਰਮਾਇਆ ਹੋਇਆ ਸੀ। ਦੋਵੇਂ ਧਿਰਾਂ ਇਸ ਮਾਮਲੇ ਨੂੰ ਲੈ ਕੇ ਆਪੋ-ਆਪਣੇ ਦਾਅਵੇ ਪੇਸ਼ ਕਰ ਰਹੀਆਂ ਸਨ। ਇਸ ਦੌਰਾਨ ਮੰਦਰ ਕਮੇਟੀ ਦੇ ਮੈਂਬਰਾਂ ਦਾ ਦੋਸ਼ ਸੀ ਕਿ ਕੰਪਲੈਕਸ ਦੇ ਪਲਾਟ ’ਤੇ ਕਬਜ਼ਾ ਕਰਨ ਵਾਲੇ ਲੋਕ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।

ਇਸੇ ਗੱਲ ਨੂੰ ਲੈ ਕੇ ਸੋਮਵਾਰ ਨੂੰ ਮੰਦਰ ਕਮੇਟੀ ਦੇ ਮੈਂਬਰ ਮੰਗ-ਪੱਤਰ ਦੇਣ ਲਈ ਥਾਣੇ ਪੁੱਜੇ ਸਨ ਪਰ ਇਨ੍ਹਾਂ ਮੈਂਬਰਾਂ ਦੇ ਥਾਣੇ ਤੋਂ ਬਾਹਰ ਨਿਕਲਦੇ ਹੀ ਕੁਝ ਮੁਲਜ਼ਮਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਇਕ ਨੌਜਵਾਨ ਅੰਕਿਤ ਸਕਸੈਨਾ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ। ਫਿਰ ਮਾਮਲੇ ’ਚ ਪੁਲਸ ਨੇ ਸਖਤੀ ਦਿਖਾਉਂਦੇ ਹੋਏ ਮੁਲਜ਼ਮਾਂ ਨੂੰ ਤੁਰੰਤ ਆਪਣੀ ਹਿਰਾਸਤ ’ਚ ਲੈ ਲਿਆ। ਮੁਕੱਦਮਾ ਦਰਜ ਕਰਨ ਤੋਂ ਬਾਅਦ ਮੁਲਜ਼ਮਾਂ ਨੂੰ ਥਾਣਾ ਸਦਰ ਤੋਂ ਇਕ ਜਲੂਸ ਦੇ ਰੂਪ ’ਚ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਅਦਾਲਤ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਜੇਲ ਭੇਜ ਦਿੱਤਾ।


Rakesh

Content Editor

Related News