ਪੁਰਾਣੀ ਪੀੜ੍ਹੀ ਨਾਲੋਂ ਵੱਧ ਇਮਾਨਦਾਰ ਤੇ ਦੇਸ਼ ਭਗਤ ਹੈ Gen-Z: ਮੋਹਨ ਭਾਗਵਤ
Thursday, Aug 06, 2026 - 07:58 PM (IST)
ਨੈਸ਼ਨਲ ਡੈਸਕ: ਰਾਸ਼ਟਰੀ ਸਵੈ-ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਅੱਜ ਮੁੰਬਈ ਵਿਚ ਇਕ ਪ੍ਰੋਗਰਾਮ ਦੌਰਾਨ ਨੌਜਵਾਨਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਪ੍ਰੋਗਰਾਮ ਵਿਚ 100 ਤੋਂ ਵੱਧ ਸ਼ਹਿਰਾਂ ਤੋਂ 15 ਤੋਂ 19 ਸਾਲ ਦੀ ਉਮਰ ਦੇ 2 ਹਜ਼ਾਰ ਦੇ ਕਰੀਬ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ Gen-Z ਅਤੇ Gen-ਅਲਫ਼ਾ ਪੁਰਾਣੀ ਪੀੜ੍ਹੀ ਦੇ ਮੁਕਾਬਲੇ ਜ਼ਿਆਦਾ ਦੇਸ਼ ਭਗਤ ਅਤੇ ਇਮਾਨਦਾਰ ਹਨ ਤੇ ਉਹ ਅੱਖਾਂ ਬੰਦ ਕਰ ਕੇ ਜੈੱਨ-ਜ਼ੀ 'ਤੇ ਭਰੋਸਾ ਕਰਦੇ ਹਨ।
ਆਰ. ਐੱਸ. ਐੱਸ. ਮੁਖੀ ਨੇ ਹਾਲ ਹੀ ਵਿਚ ਦਿੱਲੀ ਦੇ ਜੰਤਰ-ਮੰਤਰ 'ਤੇ ਹੋਏ ਰੋਸ ਪ੍ਰਦਰਸ਼ਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਨੌਜਵਾਨਾਂ ਨਾਲ ਗੱਲਬਾਤ ਨਹੀਂ ਕੀਤੀ ਗਈ ਸੀ, ਜਿਸ ਕਰਕੇ ਇਹ ਅੰਦੋਲਨ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਅੰਦੋਲਨ ਵੀ ਸੰਵਾਦ ਦਾ ਹੀ ਤਰੀਕਾ ਹੈ।
ਮੋਹਨ ਭਾਗਵਤ ਨੇ ਕਿਹਾ ਸੀ ਕਿ ਜਦੋਂ ਉਨ੍ਹਾਂ ਦੀ ਪੀੜ੍ਹੀ ਦੇ ਲੋਕ ਅੱਜ ਦੇ ਜੈੱਨ-ਜ਼ੀ ਜਿੰਨੀ ਉਮਰ ਦੇ ਸਨ ਤਾਂ ਉਹ ਵੱਡਿਆਂ ਦੀ ਕਹੀ ਹਰ ਗੱਲ ਨੂੰ ਮੰਨ ਲੈਂਦੇ ਸੀ, ਪਰ ਹੁਣ ਜ਼ਮਾਨਾ ਬਦਲ ਗਿਆ ਹੈ ਤੇ ਅੱਜ ਦੀ ਪੀੜ੍ਹੀ ਬਹੁਤ ਸਾਰੇ ਸਵਾਲ ਪੁੱਛਦੀ ਹੈ। ਉਨ੍ਹਾਂ ਨੇ ਆਪਣੇ ਸਵਾਲਾਂ ਦੇ ਤਰਕਸੰਗਤ ਜਵਾਬ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੈੱਨ-ਜ਼ੀ ਸਾਡੇ ਆਪਣੇ ਹਨ, ਉਨ੍ਹਾਂ ਨੂੰ ਦੇਸ਼-ਵਿਰੋਧੀ ਕਿਵੇਂ ਕਿਹਾ ਜਾ ਸਕਦਾ ਹੈ?
ਭਾਗਵਤ ਨੇ ਕਿਹਾ ਕਿ ਉਹ ਇਹ ਨਹੀਂ ਕਹਿਣਗੇ ਕਿ ਜੈੱਨ-ਜ਼ੀ ਨੂੰ ਅੰਦੋਲਨ ਨਹੀਂ ਕਰਨਾ ਚਾਹੀਦਾ, ਪਰ ਲੋਕਤੰਤਰ ਵਿਚ ਅੰਦੋਲਨ ਕਿਵੇਂ ਕਰਨਾ ਹੈ, ਇਸ ਦੇ ਵੀ ਤਰੀਕੇ ਦੱਸੇ ਗਏ ਹਨ। ਸਾਨੂੰ ਸੰਵਿਧਾਨ ਦਾ ਪਾਲਨ ਕਰਨਾ ਚਾਹੀਦਾ ਹੈ। ਸੰਵਿਧਾਨ ਨਿਰਮਾਤਾ ਡਾ. ਬਾਬਾ ਸਾਹਿਬ ਅੰਬੇਡਕਰ ਦੇ ਭਾਸ਼ਣਾ ਨੂੰ ਪੜ੍ਹ ਕੇ ਸਾਨੂੰ ਪਤਾ ਲਗਦਾ ਹੈ ਕਿ ਲੋਕਤੰਤਰਿਕ ਤਰੀਕੇ ਨਾਲ ਆਪਣੀ ਗੱਲ ਕਿਵੇਂ ਰੱਖਣੀ ਚਾਹੀਦੀ ਹੈ।
