ਦਿੱਲੀ ਏਅਰਪੋਰਟ ''ਤੇ 89 ਸਾਲਾ ਵਿਅਕਤੀ ਦੇ ਭੇਸ ''ਚ ਮੋਗੇ ਦਾ ਵਿਅਕਤੀ ਗ੍ਰਿਫਤਾਰ

09/14/2019 1:08:56 AM

ਨਵੀਂ ਦਿੱਲੀ (ਭਾਸ਼ਾ)–ਦਿੱਲੀ ਹਵਾਈ ਅੱਡੇ 'ਤੇ ਹਾਂਗਕਾਂਗ ਤੋਂ ਆ ਰਹੇ ਇਕ 68 ਸਾਲਾ ਵਿਅਕਤੀ ਨੂੰ ਜਾਅਲਸਾਜ਼ੀ ਕਰ ਕੇ 89 ਸਾਲਾ ਵਿਅਕਤੀ ਦਾ ਭੇਸ ਅਪਣਾਉਣ ਅਤੇ ਫਰਜ਼ੀ ਪਾਸਪੋਰਟ ਰੱਖਣ ਦੇ ਲਈ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ, ਜੋ ਪੰਜਾਬ ਦੇ ਮੋਗੇ ਦਾ ਰਹਿਣ ਵਾਲਾ ਹੈ, ਨੇ ਹਾਂਗਕਾਂਗ ਵਿਚ ਸਥਾਈ ਨਿਵਾਸੀ ਆਈ. ਡੀ. ਹਾਸਲ ਕਰਨ ਲਈ ਪਾਸਪੋਰਟ ਅਤੇ ਫਰਜ਼ੀ ਨਾਂ-ਕਰਨੈਲ ਸਿੰਘ ਦੀ ਵਰਤੋਂ ਕੀਤੀ। ਇਸ ਤੋਂ ਪਹਿਲਾਂ ਹਵਾਈ ਅੱਡੇ ਤੋਂ 32 ਸਾਲ ਦੇ ਇਕ ਨੌਜਵਾਨ ਨੂੰ 81 ਸਾਲ ਦੇ ਵਿਅਕਤੀ ਦਾ ਰੂਪ ਧਾਰਨ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਆਪਣੇ ਵਾਲ ਅਤੇ ਦਾੜ੍ਹੀ ਨੂੰ ਸਫੈਦ ਰੰਗ ਨਾਲ ਰੰਗ ਲਿਆ ਸੀ ਅਤੇ ਨਿਊਯਾਰਕ ਦੀ ਉਡਾਣ ਭਰਨ ਲਈ ਵ੍ਹੀਲਚੇਅਰ 'ਤੇ ਐਤਵਾਰ ਨੂੰ ਹਵਾਈ ਅੱਡੇ ਆਇਆ ਸੀ। ਅਧਿਕਾਰੀ ਨੇ ਪੁਲਸ ਨੂੰ ਦੱਸਿਆ ਕਿ ਗੁਰਦੀਪ ਸਿੰਘ ਉਡਾਣ ਨੰਬਰ ਐੱਸ. ਜੀ. 32 ਰਾਹੀਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਆਇਆ। ਉਸ ਨੇ ਕਰਨੈਲ ਸਿੰਘ ਨਾਂ ਦਾ ਪਾਸਪੋਰਟ ਦਿੱਤਾ। ਜਾਂਚ ਅਧਿਕਾਰੀ ਨੇ ਵੇਖਿਆ ਕਿ ਪਾਸਪੋਰਟ 'ਤੇ ਜਨਮ ਮਿਤੀ 20 ਅਕਤੂਬਰ 1930 ਹੈ, ਜਦਕਿ ਉਹ ਵਿਅਕਤੀ ਇਸ ਤੋਂ ਘੱਟ ਉਮਰ ਦਾ ਲੱਗ ਰਿਹਾ ਸੀ। ਉਨ੍ਹਾਂ ਦੱਸਿਆ ਕਿ ਵਿਸਥਾਰਪੂਰਵਕ ਜਾਂਚ ਤੋਂ ਬਾਅਦ ਉਸ ਵਿਅਕਤੀ ਦੀ ਅਸਲੀ ਪਛਾਣ ਗੁਰਦੀਪ ਸਿੰਘ ਦੇ ਰੂਪ ਵਿਚ ਸਾਹਮਣੇ ਆਈ ਅਤੇ ਉਸ ਦੀ ਅਸਲੀ ਜਨਮ ਮਿਤੀ 16 ਮਾਰਚ 1951 ਨਿਕਲੀ। ਪੁਲਸ ਕਮਿਸ਼ਨਰ (ਹਵਾਈ ਅੱਡਾ) ਸੰਜੇ ਭਾਟੀਆ ਨੇ ਦੱਸਿਆ ਕਿ ਭਾਰਤੀ ਇਮੀਗ੍ਰੇਸ਼ਨ ਵਿਭਾਗ ਨੂੰ ਧੋਖਾ ਦੇਣ ਅਤੇ ਫਰਜ਼ੀ ਪਾਸਪੋਰਟ 'ਤੇ ਯਾਤਰਾ ਕਰਨ ਲਈ ਉਸ ਦੇ ਵਿਰੁੱਧ ਮੁਕੱਦਮਾ ਦਰਜ ਕਰਾਇਆ ਗਿਆ ਹੈ।


Karan Kumar

Content Editor

Related News