ਮਹਾਰਾਸ਼ਟਰ ’ਚ 45 ਲੋਕ ਸਭਾ ਸੀਟਾਂ ਜਿੱਤਣਾ ਚਾਹੁੰਦੇ ਹਨ ਮੋਦੀ

Tuesday, Jul 04, 2023 - 01:17 PM (IST)

ਮਹਾਰਾਸ਼ਟਰ ’ਚ 45 ਲੋਕ ਸਭਾ ਸੀਟਾਂ ਜਿੱਤਣਾ ਚਾਹੁੰਦੇ ਹਨ ਮੋਦੀ

ਨਵੀਂ ਦਿੱਲੀ- ਏਕਨਾਥ ਸ਼ਿੰਦੇ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਾਉਣ ਪਿੱਛੇ ਭਾਜਪਾ ਦੇ ਕਈ ਮੰਤਵਾਂ ਵਿੱਚੋਂ ਇੱਕ ਇਸ ਪ੍ਰਭਾਵ ਨੂੰ ਦੂਰ ਕਰਨਾ ਸੀ ਕਿ ਉਸ ਨੇ 2022 ਵਿੱਚ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਬਣਾਉਣ ਲਈ ਐੱਮ. ਵੀ. ਏ . ਸਰਕਾਰ ਨੂੰ ਅਸਥਿਰ ਕੀਤਾ ਸੀ।

ਪਹਿਲਾ ਮੰਤਵ ਆਪਣੇ ਸਾਰੇ ਸਹਿਯੋਗੀਆਂ ਨੂੰ ਇਹ ਸੰਕੇਤ ਦੇਣਾ ਸੀ ਕਿ ਭਾਜਪਾ ਅਜਿਹਾ ਨਹੀਂ ਕਰਦੀ। ਉਹ ‘ਇਕੱਲੇ ਚੱਲੋ’ ਨੀਤੀ ਦੀ ਪਾਲਣਾ ਨਹੀਂ ਕਰਦੀ ਅਤੇ ਆਪਣੇ ਸਾਥੀਆਂ ਦੀ ਪਰਵਾਹ ਕਰਦੀ ਹੈ। ਭਾਜਪਾ ਆਪਣੇ ਸਹਿਯੋਗੀਆਂ ਦੇ ਘੱਟ ਗਿਣਤੀ ਦੇ ਹੋਣ ਦੇ ਬਾਵਜੂਦ ਉਨ੍ਹਾਂ ਦੇ ਲੋਕ ਆਧਾਰ ਨੂੰ ਨਿਗਲਣ ਵਿੱਚ ਯਕੀਨ ਨਹੀਂ ਰੱਖਦੀ।

ਇਹ ਨਿਤੀਸ਼ ਕੁਮਾਰ ਲਈ ਇੱਕ ਸੰਕੇਤ ਸੀ ਕਿ ਭਾਜਪਾ ਨੇ ਉਨ੍ਹਾਂ ਨੂੰ ਬਿਹਾਰ ਦਾ ਮੁੱਖ ਮੰਤਰੀ ਬਣਾਈ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਇਹ ਵੱਖਰੀ ਗੱਲ ਹੈ ਕਿ ਨਿਤੀਸ਼ ਐੱਨ. ਡੀ. ਏ. ਤੋਂ ਬਾਹਰ ਚਲੇ ਗਏ।

ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਤੱਕ ਸ਼ਾਂਤੀ ਬਣਾਈ ਰੱਖਣਾ ਚਾਹੁੰਦੀ ਹੈ । ਉਹ ਸਾਰੇ ਵਿਵਾਦਪੂਰਨ ਮੁੱਦਿਆਂ ਨੂੰ ਛੱਡ ਰਹੀ ਹੈ ਕਿਉਂਕਿ ਮੋਦੀ ਦੇ ਮਨ ਵਿਚ ਮਿਸ਼ਨ-2024 ਹੈ। ਤੀਜਾ ਅਤੇ ਸਭ ਤੋਂ ਅਹਿਮ ਮੰਤਵ ਇਹ ਹੈ ਕਿ ਮੋਦੀ ਮਹਾਰਾਸ਼ਟਰ ਦੀਆਂ 48 ਲੋਕ ਸਭਾ ਸੀਟਾਂ ਵਿੱਚੋਂ ਐੱਨ. ਡੀ. ਏ. ਲਈ 45 ਸੀਟਾਂ ਚਾਹੁੰਦੇ ਹਨ।

2 ਸਾਲ ਪਹਿਲਾਂ ਮਹਾਰਾਸ਼ਟਰ ਵਿੱਚ ਐੱਨ. ਸੀ. ਪੀ. ’ਚ ਫੁੱਟ ਪੈਣ ਪਿੱਛੋਂ ਅਜੀਤ ਪਵਾਰ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਸਨ ਪਰ 3 ਦਿਨਾਂ ਅੰਦਰ ਹੀ ਵਾਪਸ ਅਾ ਗਏ ਸਨ। ਉਦੋਂ ਦੇਵੇਂਦਰ ਫੜਨਵੀਸ ‘ਜੂਨੀਅਰ ਪਵਾਰ’ ’ਤੇ ਕੰਮ ਕਰ ਰਹੇ ਸਨ । ਅੰਤ ਵਿੱਚ ਅਜੀਤ ਪਵਾਰ ਆਪਣੇ ਵਿਧਾਇਕਾਂ ਨਾਲ ਦੁਬਾਰਾ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

ਭਾਜਪਾ-ਸ਼ਿਵ ਸੈਨਾ ਗਠਜੋੜ ਦੇ ਪਿਛਲੀ ਵਾਰ 42 ਸੰਸਦ ਮੈਂਬਰ ਜਿੱਤੇ ਸਨ । ਹੁਣ ਪ੍ਰਧਾਨ ਮੰਤਰੀ ਜੇ ਸੂਬੇ ਦੀਆਂ ਸਾਰੀਆਂ 48 ਸੀਟਾਂ ਨਹੀਂ ਤਾਂ ਘੱਟੋ-ਘੱਟ 3 ਹੋਰ ਭਾਵ 45 ਸੀਟਾਂ ਜ਼ਰੂਰ ਚਾਹੁੰਦੇ ਹਨ।

ਚੌਥਾ ਮੰਤਵ : ਊਧਵ ਦੀ ‘ਸੈਨਾ’ ਨੂੰ ਬੀ. ਐੱਮ. ਸੀ. ’ਚੋਂ ਕੱਢਣਾ ਬਹੁਤ ਸਪੱਸ਼ਟ ਹੈ। ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ ਕਿਉਂਕਿ ਭਾਜਪਾ ਨਾਲੋਂ ਗਠਜੋੜ ਤੋੜ ਲਿਅਾ ਸੀ, ਇਸ ਲਈ ਪਾਰਟੀ ਉਨ੍ਹਾਂ 23 ਲੋਕ ਸਭਾ ਸੀਟਾਂ ਨੂੰ ਜਿੱਤਣ ਬਾਰੇ ਚਿੰਤਤ ਸੀ ਜੋ ਉਸ ਨੇ ਗੱਠਜੋੜ ’ਚ ਰਹਿੰਦਿਆਂ ਜਿੱਤੀਆਂ ਸਨ। ਸ਼ਿਵ ਸੈਨਾ ਨੂੰ ਉਦੋਂ 19 ਸੀਟਾਂ ਮਿਲੀਆਂ ਸਨ।

ਡਰਾਈਵਰ ਦੀ ਸੀਟ ’ਤੇ ਸ਼ਿੰਦੇ ਅਤੇ ਉਨ੍ਹਾਂ ਦੇ ਪਿੱਛੇ ਅਜੀਤ ਪਵਾਰ ਨਾਲ ਭਾਜਪਾ ਹੁਣ 5 ਸੂਬਿਆਂ ਜਾਂ ਬੀ. ਐੱਮ. ਸੀ. ਦੀਆਂ ਚੋਣਾਂ ਲੜ ਸਕਦੀ ਹੈ। ਇਸ ਲਈ ਭਾਜਪਾ ਸਹਿਯੋਗੀਆਂ ਨੂੰ ਖੁਸ਼ ਰੱਖਣਾ ਚਾਹੁੰਦੀ ਹੈ ਅਤੇ ਉਨ੍ਹਾਂ ਨਾਲ ਰਹਿਣਾ ਚਾਹੁੰਦੀ ਹੈ।

ਭਾਜਪਾ ਨੇ ਰਾਹੁਲ ਨਾਰਵੇਕਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਦਾ ਸਪੀਕਰ ਇਸੇ ਲਈ ਨਿਯੁਕਤ ਕੀਤਾ ਹੈ ਤਾਂ ਜੋ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਇਹ ਸੰਕੇਤ ਦਿੱਤਾ ਜਾ ਸਕੇ ਕਿ ਭਾਜਪਾ ਦਲ-ਬਦਲੂਆਂ ਨੂੰ ਸਨਮਾਨਜਨਕ ਅਹੁਦੇ ਦਿੰਦੀ ਹੈ।

ਇਹ ਐਮ. ਵੀ. ਏ ਤੇ ਹੋਰ ਵਿਧਾਇਕਾਂ ਲਈ ਵੀ ਸੰਕੇਤ ਹੈ ਕਿ ਜੇ ਉਹ ਊਧਵ ਨੂੰ ਇਕੱਲੇ ਛੱਡ ਦਿੰਦੇ ਹਨ ਤਾਂ ਉਨ੍ਹਾਂ ਨੂੰ ਵੀ ਢੁਕਵਾਂ ਸਨਮਾਨ ਮਿਲ ਸਕਦਾ ਹੈ।

ਭਾਜਪਾ ਨੇ ਹਰਿਆਣਾ ਵਿੱਚ ਆਪਣੀ ਸਹਿਯੋਗੀ ਜੇ.ਜੇ.ਪੀ. ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਕਾਫੀ ਤਾਕਤ ਦਿੱਤੀ ਹੋਈ ਹੈ। ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਵੀ ਮੂਲ ਰੂਪ ਵਿੱਚ ਕਾਂਗਰਸ ਤੋਂ ਹੀ ਆਏ ਹਨ । ਉੱਤਰੀ-ਪੂਰਬੀ ਸੂਬਿਆਂ ਵਿੱਚ ਬਹੁਤ ਸਾਰੇ ਆਗੂ ਵੀ ਕਾਂਗਰਸ ਦੇ ਹੀ ਹਨ ਜਿਨ੍ਹਾਂ ਨੂੰ ਪੂਰਾ ਸਨਮਾਨ ਅਤੇ ਅਧਿਕਾਰ ਦਿੱਤਾ ਗਿਆ ਹੈ।


author

Rakesh

Content Editor

Related News