PM ਮੋਦੀ ਨੇ ਹੀਰੋਸ਼ੀਮਾ ''ਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਕੀਤਾ ਉਦਘਾਟਨ
Saturday, May 20, 2023 - 10:40 AM (IST)
ਹੀਰੋਸ਼ੀਮਾ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕਰਦਿਆਂ ਕਿਹਾ ਕਿ ਸ਼ਾਂਤੀ ਅਤੇ ਸਦਭਾਵਨਾ ਦੇ ਉਨ੍ਹਾਂ ਦੇ ਆਦਰਸ਼ ਦੁਨੀਆ ਭਰ ਵਿੱਚ ਗੂੰਜਦੇ ਹਨ ਅਤੇ ਲੱਖਾਂ ਲੋਕਾਂ ਨੂੰ ਤਾਕਤ ਦਿੰਦੇ ਹਨ। ਗਾਂਧੀ ਦੀ ਮੂਰਤੀ ਦੀ ਸਥਾਪਨਾ ਕਰਨ ਲਈ ਹੀਰੋਸ਼ੀਮਾ ਦੀ ਚੋਣ ਸ਼ਾਂਤੀ ਅਤੇ ਅਹਿੰਸਾ ਪ੍ਰਤੀ ਏਕਤਾ ਦਿਖਾਉਣ ਲਈ ਕੀਤੀ ਗਈ।
ਇਹ ਵੀ ਪੜ੍ਹੋ: ਅਮਰੀਕਾ ਲਈ ਘਰੋਂ ਤੁਰੇ 2 ਨੌਜਵਾਨ ਇੰਡੋਨੇਸ਼ੀਆ ’ਚ ਫਸੇ, ਭੁੱਖਣ ਭਾਣਿਆਂ ਦੀ ਕੀਤੀ ਗਈ ਕੁੱਟਮਾਰ
ਅਮਰੀਕਾ ਨੇ 6 ਅਗਸਤ 1945 ਨੂੰ ਹੀਰੋਸ਼ੀਮਾ 'ਤੇ ਦੁਨੀਆ ਦਾ ਪਹਿਲਾ ਪ੍ਰਮਾਣੂ ਹਮਲਾ ਕੀਤਾ ਸੀ, ਜਿਸ ਨਾਲ ਇਹ ਸ਼ਹਿਰ ਤਬਾਹ ਹੋ ਗਿਆ ਸੀ ਅਤੇ ਲਗਭਗ 140,000 ਲੋਕ ਮਾਰੇ ਗਏ ਸਨ। ਮੋਦੀ ਨੇ ਮੂਰਤੀ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਵੀ ਜਦੋਂ ਦੁਨੀਆ ਹੀਰੋਸ਼ੀਮਾ ਸ਼ਬਦ ਸੁਣਦੀ ਹੈ ਤਾਂ ਡਰ ਜਾਂਦੀ ਹੈ। ਭਾਰਤ ਨੇ ਜੀ-7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਮੋਦੀ ਦੀ ਜਾਪਾਨ ਫੇਰੀ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਦੋਸਤੀ ਅਤੇ ਸਦਭਾਵਨਾ ਦੇ ਪ੍ਰਤੀਕ ਵਜੋਂ ਹੀਰੋਸ਼ੀਮਾ ਨੂੰ ਇਹ ਮੂਰਤੀ ਭੇਟ ਕੀਤੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, “ਹੀਰੋਸ਼ੀਮਾ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕੀਤਾ। ਹੀਰੋਸ਼ੀਮਾ ਵਿਚ ਇਹ ਮੂਰਤੀ ਬਹੁਤ ਹੀ ਮਹੱਤਵਪੂਰਨ ਸੰਦੇਸ਼ ਦਿੰਦੀ ਹੈ। ਸ਼ਾਂਤੀ ਅਤੇ ਸਦਭਾਵਨਾ ਦੇ ਗਾਂਧੀਵਾਦੀ ਆਦਰਸ਼ ਦੁਨੀਆ ਭਰ ਵਿੱਚ ਗੂੰਜਦੇ ਹਨ ਅਤੇ ਲੱਖਾਂ ਲੋਕਾਂ ਨੂੰ ਤਾਕਤ ਦਿੰਦੇ ਹਨ।” ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇਹ ਮੂਰਤੀ ਇੱਕ ਅਜਿਹੇ ਸ਼ਹਿਰ ਨੂੰ ਢੁਕਵੀਂ ਸ਼ਰਧਾਂਜਲੀ ਹੈ ਜੋ ਸ਼ਾਂਤੀ ਲਈ ਮਨੁੱਖਤਾ ਦੀ ਇੱਛਾ ਦੀ ਪ੍ਰਤੀਕ ਹੈ। ਮਹਾਤਮਾ ਗਾਂਧੀ ਦਾ 42 ਇੰਚ ਲੰਬਾ ਕਾਂਸੀ ਦਾ ਬੁੱਤ ਪਦਮ ਭੂਸ਼ਣ ਪੁਰਸਕਾਰ ਜੇਤੂ ਰਾਮ ਵਨਜੀ ਸੁਤਾਰ ਵੱਲੋਂ ਬਣਾਇਆ ਗਿਆ ਹੈ। ਇਹ ਮੂਰਤੀ ਮੋਟੋਯਾਸੂ ਨਦੀ ਦੇ ਕੰਢੇ ਇਤਿਹਾਸਕ ਏ-ਬੰਬ ਡੋਮ ਦੇ ਨੇੜੇ ਸਥਾਪਿਤ ਕੀਤੀ ਗਈ ਹੈ, ਜਿਥੇ ਹਰ ਰੋਜ਼ ਹਜ਼ਾਰਾਂ ਸੈਲਾਨੀ ਆਉਂਦੇ ਹਨ।
ਇਹ ਵੀ ਪੜ੍ਹੋ: ਇਮਰਾਨ ਖਾਨ ਦੀ ਸਾਬਕਾ ਪਤਨੀ ਨੇ ਏਲਨ ਮਸਕ ਨੂੰ ਕੀਤੀ ਸ਼ਿਕਾਇਤ, ਕਿਹਾ-ਓਹੀ ਹੋਇਆ ਜਿਸ ਦਾ ਡਰ ਸੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।