PM ਮੋਦੀ ਨੇ ਅਲਬਾਨੀਜ਼ ਦੇ ਸਾਹਮਣੇ ਆਸਟ੍ਰੇਲੀਆ 'ਚ ਮੰਦਰਾਂ 'ਤੇ ਹਮਲੇ ਦਾ ਮੁੱਦਾ ਚੁੱਕਿਆ

Friday, Mar 10, 2023 - 03:37 PM (IST)

PM ਮੋਦੀ ਨੇ ਅਲਬਾਨੀਜ਼ ਦੇ ਸਾਹਮਣੇ ਆਸਟ੍ਰੇਲੀਆ 'ਚ ਮੰਦਰਾਂ 'ਤੇ ਹਮਲੇ ਦਾ ਮੁੱਦਾ ਚੁੱਕਿਆ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੇ ਆਸਟ੍ਰੇਲੀਅਨ ਹਮਰੁਤਬਾ ਐਂਥਨੀ ਅਲਬਾਨੀਜ਼ ਦੇ ਸਾਹਮਣੇ ਹਾਲ ਹੀ 'ਚ ਆਸਟ੍ਰੇਲੀਆ 'ਚ ਮੰਦਰਾਂ 'ਤੇ ਹੋਏ ਹਮਲਿਆਂ ਦਾ ਮੁੱਦਾ ਚੁੱਕਿਆ। ਇਹ ਮਾਮਲਾ ਉਨ੍ਹਾਂ ਦੀ ਉਸ ਵਿਆਪਕ ਗੱਲਬਾਤ ਦੌਰਾਨ ਚਰਚਾ ਲਈ ਆਇਆ, ਜਿਸ ਦਾ ਮਕਸਦ ਸਮੁੱਚੇ ਸੰਬੰਧਾਂ ਦਾ ਵਿਸਥਾਰ ਕਰਨਾ ਸੀ। ਗੱਲਬਾਤ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਆਸਟ੍ਰੇਲਆ 'ਚ ਮੰਦਰਾਂ 'ਤੇ ਹਮਲੇ ਦੀਆਂ ਖ਼ਬਰਾਂ ਨਿਯਮਿਤ ਰੂਪ ਨਾਲ ਆ ਰਹੀਆਂ ਹਨ। ਉਨ੍ਹਾਂ ਕਿਹਾ,''ਸੁਭਾਵਿਕ ਹੈ, ਅਜਿਹੇ ਸਮਾਚਾਰ ਭਾਰਤ 'ਚ ਸਾਰੇ ਲੋਕਾਂ ਨੂੰ ਚਿੰਤਤ ਕਰਦੇ ਹਨ ਅਤੇ ਸਾਡੇ ਮਨ ਨੂੰ ਦੁਖ਼ੀ ਕਰਦੇ ਹਨ।'' ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਭਾਵਨਾਵਾਂ ਅਤੇ ਚਿੰਤਾਵਾਂ ਤੋਂ ਪ੍ਰਧਾਨ ਮੰਤਰੀ ਅਲਬਾਨੀਜ਼ ਨੂੰ ਜਾਣੂੰ ਕਰਵਾਇਆ।

PunjabKesari

ਪ੍ਰਧਾਨ ਮੰਤਰੀ ਨੇ ਕਿਹਾ,''ਉਨ੍ਹਾਂ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਭਾਰਤੀ ਭਾਈਚਾਰੇ ਦੀ ਸੁਰੱਖਿਆ ਉਨ੍ਹਾਂ ਲਈ ਵਿਸ਼ੇਸ਼ ਪਹਿਲ ਹੈ।'' ਭਾਰਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿਸ਼ੇ 'ਤੇ ਦੋਹਾਂ ਦੇਸ਼ਾਂ ਦੇ ਦਲ ਨਿਯਮਿਤ ਰੂਪ ਨਾਲ ਸੰਪਰਕ 'ਚ ਰਹਿਣਗੇ ਅਤੇ ਸੰਭਵ ਸਹਿਯੋਗ ਕਰਨਗੇ। ਪੀ.ਐੱਮ. ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਆਸਟ੍ਰੇਲੀਅਨ ਹਮਰੁਤਬਾ ਨਾਲ ਹਿੰਦ-ਪ੍ਰਸ਼ਾਂਤ ਖੇਤਰ 'ਚ ਸਮੁੰਦਰੀ ਸੁਰੱਖਿਆ ਅਤੇ ਆਪਸੀ ਸੁਰੱਖਿਆ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ। ਪੀ.ਐੱਮ. ਮੋਦੀ ਨੇ ਕਿਹਾ,''ਅਸੀਂ ਭਰੋਸੇਯੋਗ ਅਤੇ ਮਜ਼ਬੂਤ ਗਲੋਬਲ ਸਪਲਾਈ ਚੇਨ ਵਿਕਸਿਤ ਕਰਨ ਲਈ ਆਪਸੀ ਸਹਿਯੋਗ 'ਤੇ ਚਰਚਾ ਕੀਤੀ।'' ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਦੋਵੇਂ ਪੱਖ ਇਕ ਵਿਆਪਕ ਆਰਥਿਕ ਸਮਝੌਤੇ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ,''ਰੱਖਿਆ ਦੇ ਖੇਤਰ 'ਚ ਅਸੀਂ ਪਿਛਲੇ ਕੁਝ ਸਾਲਾਂ 'ਚ ਜ਼ਿਕਰਯੋਗ ਸਮਝੌਤੇ ਕੀਤੇ ਹਨ, ਜਿਨ੍ਹਾਂ 'ਚ ਇਕ-ਦੂਜੇ ਦੀਆਂ ਫ਼ੌਜਾਂ ਲਈ ਸਾਜੋ-ਸਾਮਾਨ ਸੰਬੰਧੀ ਸਹਿਯੋਗ ਵੀ ਸ਼ਾਮਲ ਹੈ।'' ਅਲਬਾਨੀਜ਼ ਨੇ ਆਪਣੀ ਟਿੱਪਣੀ 'ਚ ਕਿਹਾ ਕਿ ਮੋਦੀ ਅਤੇ ਉਹ ਭਾਰਤ-ਆਸਟ੍ਰੇਲੀਆ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਨੂੰ ਜਲਦ ਤੋਂ ਜਲਦ ਪੂਰਾ ਕਰਨ 'ਤੇ ਸਹਿਮਤ ਹੋਏ। ਉਨ੍ਹਾਂ ਕਿਹਾ,''ਮੈਨੂੰ ਉਮੀਦ ਹੈ ਕਿ ਅਸੀਂ ਇਸ ਸਾਲ ਇਸ ਨੂੰ ਅੰਤਿਮ ਰੂਪ ਦੇ ਦੇਵਾਂਗੇ। ਆਸਟ੍ਰੇਲੀਅਨ ਪ੍ਰਧਾਨ ਮੰਤਰੀ ਅਹਿਮਦਾਬਾਦ ਅਤੇ ਮੁੰਬਈ 'ਚ ਆਪਣੇ ਪ੍ਰੋਗਰਾਮਾਂ ਦੀ ਸਮਾਪਤੀ ਤੋਂ ਬਾਅਦ ਵੀਰਵਾਰ ਸ਼ਾਮਲ ਦਿੱਲੀ ਪਹੁੰਚੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News