ਵਿਆਹਿਆ ਨਹੀਂ ਹੈ ਨਰਿੰਦਰ ਮੋਦੀ : ਆਨੰਦੀਬੇਨ ਪਟੇਲ
Wednesday, Jun 20, 2018 - 10:13 AM (IST)

ਭੋਪਾਲ— ਮੱਧ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਭਾਈ ਨੇ ਵਿਆਹ ਨਹੀਂ ਕਰਵਾਇਆ ਪਰ ਉਨ੍ਹਾਂ ਨੂੰ ਔਰਤਾਂ ਅਤੇ ਨਵਜੰਮੇ ਬੱਚਿਆਂ ਦੀਆਂ ਪ੍ਰੇਸ਼ਾਨੀਆਂ ਦਾ ਪਤਾ ਹੈ। ਹਰਦਾ ਜ਼ਿਲੇ ਦੇ ਟਿਮਰਨੀ ਸਥਿਤ ਆਂਗਣਵਾੜੀ ਕੇਂਦਰ ਵਿਚ ਬੱਚਿਆਂ ਅਤੇ ਔਰਤਾਂ ਦੀ ਸਿਹਤ ਨਾਲ ਜੁੜੀਆਂ ਸਰਕਾਰੀ ਯੋਜਨਾਵਾਂ ਬਾਰੇ ਬੋਲਦਿਆਂ ਆਨੰਦੀਬੇਨ ਨੇ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਨਰਿੰਦਰ ਮੋਦੀ ਨੇ ਲੋਕਾਂ ਦੇ ਬੱਚਿਆਂ ਅਤੇ ਲੋਕਾਂ ਲਈ ਵਿਆਹ ਨਹੀਂ ਕਰਵਾਇਆ।
ਵਿਆਹ ਨਾ ਕਰਵਾਉਣ ਦੇ ਬਾਵਜੂਦ ਨਰਿੰਦਰ ਭਾਈ ਨੂੰ ਪਤਾ ਹੈ ਕਿ ਡਲਿਵਰੀ ਦੇ ਸਮੇਂ ਅਤੇ ਬਾਅਦ ਵਿਚ ਔਰਤਾਂ ਅਤੇ ਉਨ੍ਹਾਂ ਦੇ ਨਵਜੰਮੇ ਬੱਚਿਆਂ ਨੂੰ ਕਿਹੜੀਆਂ-ਕਿਹੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਨ੍ਹਾਂ ਨੇ ਬਹੁਤ ਸਾਰੀਆਂ ਯੋਜਨਾਵਾਂ ਔਰਤਾਂ ਲਈ ਬਣਾਈਆਂ ਹਨ। ਦੱਸਣਯੋਗ ਹੈ ਕਿ ਨਰਿੰਦਰ ਮੋਦੀ ਨੇ ਲੋਕ ਸਭਾ ਦੀਆਂ ਚੋਣਾਂ ਸਮੇਂ ਵਾਰਾਨਸੀ ਵਿਖੇ ਦਾਖਲ ਕਰਵਾਏ ਗਏ ਆਪਣੇ ਨਾਮਜ਼ਦਗੀ ਕਾਗਜ਼ਾਂ ਵਿਚ ਮੰਨਿਆ ਸੀ ਕਿ ਉਨ੍ਹਾਂ ਨੇ ਵਿਆਹ ਕਰਵਾਇਆ ਹੈ ਅਤੇ ਉਨ੍ਹਾਂ ਦੀ ਪਤਨੀ ਦਾ ਨਾਂ ਯਸ਼ੋਦਾਬੇਨ ਹੈ। ਆਨੰਦੀਬੇਨ ਵਲੋਂ ਮੋਦੀ ਸਬੰਧੀ ਦਿੱਤਾ ਉਕਤ ਬਿਆਨ ਸੋਸ਼ਲ ਮੀਡੀਆ 'ਤੇ ਬਹੁਤ ਸ਼ੇਅਰ ਕੀਤਾ ਜਾ ਰਿਹਾ ਹੈ।