ਮੋਦੀ ਸਰਕਾਰ ਬੇਰੋਜ਼ਗਾਰ ਨੂੰ ਘਰ ਬੈਠੇ ਹੀ ਕਮਾਉਣ ਦਾ ਦੇ ਰਹੀ ਹੈ ਮੌਕਾ, ਜਲਦੀ ਕਰੋ ਅਪਲਾਈ

07/10/2019 12:43:01 PM

ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 'ਚ ਵੱਡੀ ਲੀਡ ਨਾਲ ਜਿੱਤ ਕੇ ਦੂਜੀ ਵਾਰ ਸੱਤਾ ਵਿਚ ਆਈ ਨਰਿੰਦਰ ਮੋਦੀ ਸਰਕਾਰ ਨੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜੋ ਤੁਹਾਨੂੰ ਬਿਜ਼ਨੈੱਸ ਦਾ ਮੌਕਾ ਵੀ ਦੇ ਰਹੇ ਹਨ। ਸਰਕਾਰ ਦੀ ਯੋਜਨਾ ਅਜਿਹੀ ਹੈ ਕਿ ਕਿਸੇ ਵੀ ਬੇਰੋਜ਼ਗਾਰ ਨੂੰ ਕੰਮ ਕਰਨ ਜਾਂ ਲੱਭਣ ਲਈ ਕਿਤੇ ਬਾਹਰ ਵੀ ਨਹੀਂ ਜਾਣਾ ਹੋਵੇਗਾ। ਸਰਕਾਰ ਦੀ ਇਹ ਯੋਜਨਾ ਹੈ ਜਨ ਔਸ਼ਥੀ ਕੇਂਦਰ ਯਾਨੀ ਕਿ ਪਬਲਿਕ ਦਵਾਖਾਨਾ। ਦੇਸ਼ ਭਰ 'ਚ ਸਸਤੀਆਂ ਦਵਾਈਆਂ ਦੀ ਯੋਜਨਾ ਜਨ ਔਸ਼ਧੀ ਦੀ ਸਫਲਤਾ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਕਸਬੇ-ਕਸਬੇ ਤਕ ਇਸ ਨੂੰ ਪਹੁੰਚਾਉਣ ਦੀ ਯੋਜਨਾ ਬਣਾਈ ਹੈ। ਓਧਰ ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਮਨਸੁਖ ਮੰਡਾਵੀਆ ਨੇ ਸਾਰੇ ਲੋਕ ਸਭਾ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਆਪਣੇ ਸੰਸਦੀ ਖੇਤਰਾਂ ਵਿਚ ਬਲਾਕ ਪੱਧਰ 'ਤੇ ਜਨ ਔਸ਼ਧੀ ਕੇਂਦਰ ਖੁੱਲ੍ਹਵਾਉਣ ਲਈ ਪਹਿਲ ਕਰਨ, ਜਿਸ ਤੋਂ ਨੌਜਵਾਨ ਬੇਰੋਜ਼ਗਾਰ ਇਸ ਲਈ ਬੇਨਤੀ ਕਰਨ ਅਤੇ ਸਰਕਾਰ ਉਨ੍ਹਾਂ ਦੇ ਨੇੜਲੇ ਖੇਤਰਾਂ ਵਿਚ ਬਲਾਕ ਪੱਧਰ 'ਤੇ ਜਨ ਔਸ਼ਧੀ ਕੇਂਦਰ ਖੁੱਲ੍ਹਵਾ ਸਕੇ। 

ਮਨਸੁਖ ਨੇ ਦੱਸਿਆ ਕਿ ਪਹਿਲੀ ਸ਼੍ਰੇਣੀ ਤਹਿਤ ਕੋਈ ਵੀ ਵਿਅਕਤੀ, ਬੇਰੋਜ਼ਗਾਰ ਫਾਰਮਾਸਿਸਟ, ਡਾਕਟਰ, ਜਨ ਔਸ਼ਥੀ ਕੇਂਦਰ ਖੋਲ੍ਹ ਸਕਦਾ ਹੈ। ਦੂਜੀ ਸ਼੍ਰੇਣੀ ਤਹਿਤ ਟਰੱਸਟ, ਐੱਨ. ਜੀ. ਓ., ਪ੍ਰਾਈਵੇਟ ਹਸਪਤਾਲ, ਸੋਸਾਇਟੀ ਅਤੇ ਸੈਲਫ ਹੈਲਪ ਗਰੁੱਪ ਨੂੰ ਜਨ ਔਸ਼ਧੀ ਕੇਂਦਰ ਖੋਲ੍ਹਣ ਦਾ ਮੌਕਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੂਬਾ ਸਰਕਾਰ ਵੀ ਕਿਸੇ ਏਜੰਸੀ, ਸਮੂਹ ਜਾਂ ਸੰਸਥਾ ਨੂੰ ਜਨ ਔਸ਼ਧੀ ਕੇਂਦਰ ਖੋਲ੍ਹਣ ਲਈ ਨਾਮਜ਼ਦ ਕਰ ਸਕਦੀ ਹੈ। ਇਸ ਕੇਂਦਰ ਨੂੰ ਖੋਲ੍ਹਣ ਲਈ ਸਰਕਾਰ ਵਲੋਂ ਢਾਈ-ਢਾਈ ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ। ਜਨ ਔਸ਼ਧੀ ਕੇਂਦਰ 'ਤੇ ਉਪਲੱਬਧ ਦਵਾਈਆਂ ਨੂੰ 20 ਫੀਸਦੀ ਮਾਰਜਿਨ 'ਤੇ ਵੇਚਿਆ ਜਾਵੇਗਾ। ਇਹ ਮਾਰਜਿਨ ਵਿਕ੍ਰੇਤਾ ਦਾ ਹੀ ਹੋਵੇਗਾ। ਇਸ ਤੋਂ ਇਲਾਵਾ ਹਰ ਮਹੀਨੇ ਦੀ ਵਿਕਰੀ 'ਤੇ ਵੱਖ ਤੋਂ 15 ਫੀਸਦੀ ਇੰਸੈਂਟਿਵ ਮਿਲੇਗਾ। ਇਸ ਦੀ ਵੱਧ ਤੋਂ ਵੱਧ ਸੀਮਾ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋਵੇਗੀ। ਇੰਸੈਂਟਿਵ ਉਦੋਂ ਤਕ ਮਿਲੇਗਾ, ਜਦੋਂ ਤਕ ਕਿ ਢਾਈ ਲੱਖ ਰੁਪਏ ਪੂਰੇ ਨਾ ਹੋ ਜਾਣ। ਨਕਸਲ ਪ੍ਰਭਾਵਿਤ ਅਤੇ ਉੱਤਰੀ-ਪੂਰਬੀ ਸੂਬਿਆਂ 'ਚ ਇੰਸੈਂਟਿਵ ਦੀ ਸੀਮਾ 15,000 ਰੁਪਏ ਪ੍ਰਤੀ ਮਹੀਨੇ ਹੋ ਜਾਵੇਗੀ। ਉੱਥੇ ਹੀ ਕਮਜ਼ੋਰ ਤਬਕੇ ਦੇ ਬਿਨੈਕਾਰਾਂ ਨੂੰ 50,000 ਰੁਪਏ ਦੀ ਦਵਾਈ ਐਡਵਾਂਸ ਵਿਚ ਵੇਚਣ ਨੂੰ ਦਿੱਤੀ ਜਾਵੇਗੀ। 

ਜਨ ਔਸ਼ਧੀ ਕੇਂਦਰ ਜ਼ਰੀਏ ਮਹੀਨੇ ਵਿਚ ਜਿੰਨੀਆਂ ਦਵਾਈਆਂ ਦੀ ਵਿਕਰੀ ਹੋਵੇਗੀ, ਉਸ ਦਾ 20 ਫੀਸਦੀ ਕਮਿਸ਼ਨ ਦੇ ਰੂਪ ਵਿਚ ਮਿਲੇਗਾ। ਇਸ ਲਿਹਾਜ਼ ਨਾਲ ਜੇਕਰ ਤੁਸੀਂ ਮਹੀਨੇ ਵਿਚ 1 ਲੱਖ ਰੁਪਏ ਦੀ ਵੀ ਵਿਕਰੀ ਕਰਦੇ ਹੋ ਤਾਂ ਤੁਹਾਨੂੰ ਉਸ ਮਹੀਨੇ 20,000 ਰੁਪਏ ਦੀ ਇਨਕਮ ਹੋ ਜਾਵੇਗੀ। ਮੰਡਾਵੀਆ ਨੇ ਦੱਸਿਆ ਕਿ ਬਿਨੈਕਾਰ ਕੋਲ ਰਿਟੇਲ ਡਰੱਗ ਸੇਲਸ ਦਾ ਲਾਇਸੈਂਸ ਜਨ ਔਸ਼ਧੀ ਦੇ ਨਾਮ ਤੋਂ ਅਤੇ ਮੈਡੀਕਲ ਸਟੋਰ ਖੋਲ੍ਹਣ ਲਈ 120 ਵਰਗ ਫੁੱਟ ਏਰੀਏ 'ਚ ਦੁਕਾਨ ਹੋਣਾ ਜ਼ਰੂਰੀ ਹੈ। ਬਿਨੈਕਾਰ ਦੇ ਨਾਮ ਤੋਂ ਆਧਾਰ ਕਾਰਡ ਅਤੇ ਪੈਨ ਕਾਰਡ ਅਤੇ ਸੰਸਥਾ, ਐੱਨ. ਜੀ. ਓ., ਹਸਪਤਾਲ, ਚੈਰੀਟੇਬਲ ਸੰਸਥਾ ਨੂੰ ਬੇਨਤੀ ਕਰਨ ਲਈ ਆਧਾਰ ਕਾਰਡ, ਪੈਨ ਕਾਰਡ, ਰਜਿਸਟਰੇਸ਼ਨ ਸਰਟੀਫਿਕੇਟ ਦੇਣਾ ਹੋਵੇਗਾ। ਜਨ ਔਸ਼ਧੀ ਕੇਂਦਰ ਖੋਲ੍ਹਣ ਲਈ ਸਰਕਾਰ ਦੀ ਵੈੱਬਸਾਈਟ ਜਨਔਸ਼ਧੀ ਡਾਟ ਜੀਓਵੀ ਡਾ ਆਈਐੱਨ 'ਤੇ (http://janaushadhi.gov.in/) ਜਾ ਕੇ ਫਾਰਮ ਡਾਊਨਲੋਡ ਕਰ ਕੇ ਭੇਜਿਆ ਜਾ ਸਕਦਾ ਹੈ।


Tanu

Content Editor

Related News