ਮੋਦੀ ਸਰਕਾਰ ’ਚ ਦੋਹਰੀਆਂ ਜ਼ਿੰਮੇਵਾਰੀਆਂ ਦੀ ਭਰਮਾਰ
Sunday, Dec 15, 2024 - 04:06 PM (IST)
ਨੈਸ਼ਨਲ ਡੈਸਕ- ਮੋਦੀ ਸਰਕਾਰ ਨੇ ਖਰਚੇ ਘਟਾਉਣ ਲਈ ਇਕ ਹੋਰ ਤਰੀਕਾ ਅਪਣਾਇਆ ਹੈ। ਉਸ ਨੇ ਸਿਰਫ਼ ਇਕ ਨੌਕਰਸ਼ਾਹ ਜਾਂ ਸਿਆਸੀ ਆਗੂ ਨੂੰ ਦੋਹਰੀ ਜ਼ਿੰਮੇਵਾਰੀ ਹੀ ਨਹੀਂ ਸਗੋਂ 4-4 ਵਿਭਾਗ ਜਾਂ ਇੱਥੋਂ ਤੱਕ ਕਿ ਮੰਤਰਾਲੇ ਵੀ ਦੇਣੇ ਸ਼ੁਰੂ ਕਰ ਦਿੱਤੇ ਹਨ।
ਵੱਡੀ ਗਿਣਤੀ ’ਚ ਕਈ ਕੰਪਨੀਆਂ ਲੰਬੇ ਸਮੇਂ ਤੋਂ ਮੁਖੀ ਰਹਿਤ ਸਨ। ਹੁਣ ਉਸ ਨੌਕਰਸ਼ਾਹ ਨੂੰ ਵਾਧੂ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਜੋ ਪਹਿਲਾਂ ਹੀ ਕਿਸੇ ਹੋਰ ਵਿਭਾਗ ਦਾ ਮੁਖੀ ਹੈ।
ਰਿਪੋਰਟਾਂ ਦੀ ਮੰਨੀਏ ਤਾਂ ਤਿੰਨ ਦਰਜਨ ਤੋਂ ਵੱਧ ਨੌਕਰਸ਼ਾਹਾਂ ਕੋਲ ਦੋਹਰੀ ਜਾਂ ਤੀਹਰੀ ਜ਼ਿੰਮੇਵਾਰੀ ਹੈ। ਇਸ ਕਾਰਨ ਫੈਸਲਾ ਲੈਣ ਦੀ ਪ੍ਰਕਿਰਿਆ ਦੀ ਅਾਜ਼ਾਦੀ ਨਾਲ ਸਮਝੌਤਾ ਹੁੰਦਾ ਹੈ।
ਤਾਜ਼ਾ ਮਾਮਲਾ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (ਐੱਫ. ਐੱਸ. ਐੱਸ. ਏ. ਅਾਈ.) ਦਾ ਹੈ ਜੋ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਤੇ ਮਿਆਰਾਂ ਨੂੰ ਨਿਯਮਤ ਕਰਨ ਲਈ ਇੱਕ ਅਹਿਮ ਸੰਸਥਾ ਹੈ।
ਸਾਬਕਾ ਵਣਜ ਸਕੱਤਰ ਤੇ ਗੁਜਰਾਤ ਕੇਡਰ ਦੀ ਆਈ. ਏ. ਐੱਸ. ਅਧਿਕਾਰੀ ਰੀਟਾ ਤਿਵਾਤੀਆ ਦੇ ਨਵੰਬਰ 2021 ’ਚ ਸੇਵਾਮੁਕਤ ਹੋਣ ਪਿੱਛੋਂ ਚੇਅਰਪਰਸਨ ਦਾ ਅਹੁਦਾ ਤਿੰਨ ਸਾਲਾਂ ਤੋਂ ਖਾਲੀ ਪਿਆ ਹੈ।
ਹੁਣ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਸਕੱਤਰ ਪੁੰਨਿਆ ਸਲੀਲਾ ਸ੍ਰੀਵਾਸਤਵ ਇਸ ਦੀ ਵਾਧੂ ਜ਼ਿੰਮੇਵਾਰੀ ਸੰਭਾਲ ਰਹੇ ਹਨ।
ਸਰਕਾਰ ਇਸ ਮੁੱਦੇ ਨੂੰ ਲੈ ਕੇ ਉਲਝਨ ’ਚ ਹੈ ਕਿ ਐੱਫ. ਐੱਸ. ਐੱਸ. ਏ. ਅਾਈ. ਦਾ ਚੇਅਰਮੈਨ ਨੌਕਰਸ਼ਾਹ ਜਾਂ ਵਿਗਿਆਨੀ ’ਚੋਂ ਕਿਸ ਨੂੰ ਨਿਯੁਕਤ ਕੀਤਾ ਜਾਏ? ਇਕ ਸੇਵਾਮੁਕਤ ਆਈ. ਏ. ਐੱਸ. ਅਧਿਕਾਰੀ ਦੇ ਨਾਂ ਦੀ ਉਕਤ ਅਹੁਦੇ ਲਈ ਸਿਫਾਰਿਸ਼ ਕੀਤੀ ਗਈ ਸੀ ਪਰ ਉੱਚ ਅਧਿਕਾਰੀ ਐੱਫ. ਐੱਸ. ਐੱਸ. ਏ. ਆਈ. ਦੀ ਅਗਵਾਈ ਕਰਨ ਲਈ ਇਕ ਵਿਗਿਆਨੀ ਜਾਂ ਇਕ ਡੋਮੇਨ ਮਾਹਿਰ ਚਾਹੁੰਦੇ ਹਨ।
ਇਕ ਵਿਗਿਆਨੀ ਦੇ ਨਾਂ ਦੀ ਵੀ ਸਿਫ਼ਾਰਸ਼ ਕੀਤੀ ਗਈ ਸੀ ਅਤੇ ਉਮੀਦ ਕੀਤੀ ਗਈ ਸੀ ਕਿ ਉਸ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ।
ਸ਼੍ਰੀਵਾਸਤਵ ਤੋਂ ਪਹਿਲਾਂ ਰਾਜੇਸ਼ ਭੂਸ਼ਣ ਜੋ ਕੇਂਦਰੀ ਸਿਹਤ ਸਕੱਤਰ ਸਨ, ਨੇ ਐੱਫ. ਐੱਸ. ਐੱਸ. ਏ. ਆਈ. ਦੀ ਵਾਧੂ ਜ਼ਿੰਮੇਵਾਰੀ ਸੰਭਾਲੀ ਸੀ। ਇਕ ਹੋਰ ਸਿਹਤ ਸਕੱਤਰ ਅਪੂਰਵ ਚੰਦਰਾ ਵੀ ਐੱਫ. ਐੱਸ. ਐੱਸ. ਏ. ਆਈ. ਦੇ ਮੁਖੀ ਰਹੇ ਹਨ। ਕੁਝ ਸਮਾ ਪਹਿਲਾਂ ਅਜੇ ਸੇਠ ਜੋ ਕਰਨਾਟਕ ਦੇ 1987 ਬੈਚ ਦੇ ਆਈ. ਏ. ਐੱਸ. ਅਧਿਕਾਰੀ ਹਨ, ਨੂੰ ਵਿੱਤ ਮੰਤਰਾਲਾ ’ਚ ਮਾਲ ਵਿਭਾਗ ਤੇ ਆਰਥਿਕ ਮਾਮਲਿਆਂ ਬਾਰੇ ਵਿਭਾਗ ਦੇ ਸਕੱਤਰ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਸੀ।
ਅਜੇ ਸੇਠ ਦੀ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਜੀ. ਐੱਸ. ਟੀ. ਕੌਂਸਲ ਦੀ ਬੈਠਕ 21 ਦਸੰਬਰ ਨੂੰ ਜੈਸਲਮੇਰ ’ਚ ਹੋਣੀ ਹੈ । ਇਹ ਫਰਵਰੀ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 2025-26 ਲਈ ਪੇਸ਼ ਕੀਤੇ ਜਾਣ ਵਾਲੇ ਅੱਠਵੇਂ ਬਜਟ ਤੋਂ ਵੀ ਪਹਿਲਾਂ ਹੋ ਰਹੀ ਹੈ।