ਮਣੀਪੁਰ ’ਚ ਮੋਦੀ ਸਰਕਾਰ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ’ਚ ਅਸਫਲ ਰਹੀ : ਰਾਘਵ ਚੱਢਾ
Friday, Jul 28, 2023 - 12:31 PM (IST)

ਜਲੰਧਰ, (ਧਵਨ)- ‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮਣੀਪੁਰ ’ਚ ਚੱਲ ਰਹੀ ਹਿੰਸਾ ਨੂੰ ਰੋਕਣ ’ਚ ਨਾਕਾਮ ਰਹਿਣ ਲਈ ਭਾਜਪਾ ’ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਮਣੀਪੁਰ ਲਗਾਤਾਰ ਅਸ਼ਾਂਤੀ ਦਾ ਸਾਹਮਣਾ ਕਰ ਰਿਹਾ ਹੈ, ਜਦਕਿ ਮੋਦੀ ਸਰਕਾਰ ਸ਼ਾਂਤੀ ਬਹਾਲ ਕਰਨ ਲਈ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਲਗਾਤਾਰ ਅਸਫਲ ਰਹੀ ਹੈ।
ਵੀਰਵਾਰ ਨੂੰ, ਇੰਡੀਆ ਅਲਾਇੰਸ ਨਾਲ ਸਬੰਧਤ ਸੰਸਦ ਮੈਂਬਰ ਮਣੀਪੁਰ ਦੇ ਲੋਕਾਂ ’ਤੇ ਕੀਤੇ ਜਾ ਰਹੇ ਅੱਤਿਆਚਾਰਾਂ ਅਤੇ ਬੇਰਹਿਮੀ ਦੀ ਨਿੰਦਾ ਕਰਨ ਲਈ ਕਾਲੇ ਕੱਪੜੇ ਪਾ ਕੇ ਸੰਸਦ ਪਹੁੰਚੇ। ਆਰਟੀਕਲ 355 ਅਤੇ 356 ਦਾ ਹਵਾਲਾ ਦਿੰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਮੁਤਾਬਕ ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਮਣੀਪੁਰ ਦੀ ਸੁਰੱਖਿਆ ਕਰੇ। ਉਨ੍ਹਾਂ ਕੇਂਦਰ ਸਰਕਾਰ ਤੋਂ ਬੀਰੇਨ ਸਿੰਘ ਸਰਕਾਰ ਨੂੰ ਤੁਰੰਤ ਸੂਬੇ ’ਚ ਹਟਾਉਣ ਦੀ ਮੰਗ ਕੀਤੀ।