ਲੋਕ ਸਭਾ ’ਚ ਵ੍ਹਾਈਟ ਪੇਪਰ ਲਿਆਈ ਮੋਦੀ ਸਰਕਾਰ, ਜਵਾਬ ’ਚ ਕਾਂਗਰਸ ਲਿਆਈ ਬਲੈਕ ਪੇਪਰ

Friday, Feb 09, 2024 - 11:08 AM (IST)

ਲੋਕ ਸਭਾ ’ਚ ਵ੍ਹਾਈਟ ਪੇਪਰ ਲਿਆਈ ਮੋਦੀ ਸਰਕਾਰ, ਜਵਾਬ ’ਚ ਕਾਂਗਰਸ ਲਿਆਈ ਬਲੈਕ ਪੇਪਰ

ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਹੀ ਭਾਜਪਾ ਅਤੇ ਕਾਂਗਰਸ ਦੋਹਾਂ ਪਾਰਟੀਆਂ ਨੇ ਕਮਰ ਕੱਸ ਲਈ ਹੈ। ਇਸੇ ਕੜੀ ’ਚ ਵੀਰਵਾਰ ਨੂੰ ਜਿਥੇ ਭਾਜਪਾ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਭਾਰਤੀ ਅਰਥਵਿਵਸਥਾ ’ਤੇ ਇਕ ‘ਵ੍ਹਾਈਟ ਪੇਪਰ’ ਸੰਸਦ ’ਚ ਪੇਸ਼ ਕੀਤਾ ਤਾਂ ਇਸ ਦੇ ਜਵਾਬ ’ਚ ਕਾਂਗਰਸ ਨੇ ‘ਬਲੈਕ ਪੇਪਰ’ ਜਾਰੀ ਕੀਤਾ। ਵ੍ਹਾਈਟ ਪੇਪਰ ’ਚ ਕਿਹਾ ਗਿਆ ਕਿ ਰਾਸ਼ਟਰੀ ਜਨਤੰਤਰਿਕ ਗੱਠਜੋੜ (ਐੱਨ. ਡੀ. ਏ.) ਸਰਕਾਰ ਨੇ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ. ਪੀ. ਏ.) ਸਰਕਾਰ ਤੋਂ ਵਿਰਾਸਤ ’ਚ ਮਿਲੀਆਂ ਚੁਣੌਤੀਆਂ ’ਤੇ ਪਿਛਲੇ 10 ਸਾਲਾਂ ’ਚ ਸਫਲਤਾਪੂਰਵਕ ਕਾਬੂ ਪਾਇਆ ਹੈ। ਨਾਲ ਹੀ ਭਾਰਤ ਨੂੰ ਉੱਚੇ ਵਾਧੇ ਦੇ ਰਸਤੇ ’ਤੇ ਲਿਆਉਣ ਲਈ ‘ਸਖ਼ਤ ਫੈਸਲੇ’ ਕੀਤੇ ਹਨ। ਉਨ੍ਹਾਂ ਕਿਹਾ ਕਿ ਯੂ. ਪੀ. ਏ. ਦੇ 10 ਸਾਲ ਦੇ ਕਾਰਜਕਾਲ ’ਚ 15 ਘਪਲੇ ਹੋਏ। ਕੁੱਲ 59 ਪੇਜਾਂ ਦੇ ‘ਭਾਰਤੀ ਅਰਥਵਿਵਸਥਾ ’ਤੇ ਵ੍ਹਾਈਟ ਪੇਪਰ’ ’ਚ ਕਿਹਾ ਗਿਆ ਕਿ ਜਦੋਂ 2014 ’ਚ ਨਰਿੰਦਰ ਮੋਦੀ ਸਰਕਾਰ ਨੇ ਸੱਤਾ ਸੰਭਾਲੀ, ਤਾਂ ਅਰਥਵਿਵਸਥਾ ਨਾਜ਼ੁਕ ਸਥਿਤੀ ’ਚ ਸੀ, ਜਨਤਕ ਵਿੱਤ ਖਰਾਬ ਸਥਿਤੀ ’ਚ ਸੀ। ਨਾਲ ਹੀ, ਮਾੜੇ ਆਰਥਿਕ ਪ੍ਰਬੰਧਨ, ਵਿੱਤੀ ਅਨੁਸ਼ਾਸਹੀਨਤਾ ਅਤੇ ਵਿਆਪਕ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ। ਸੀਤਾਰਾਮਨ ਵੱਲੋਂ ਲੋਕ ਸਭਾ ’ਚ ਪੇਸ਼ ਕੀਤੇ ਗਏ ਦਸਤਾਵੇਜ਼ ’ਚ ਕਿਹਾ ਗਿਆ ਹੈ, ‘‘ਇਹ ਇਕ ਸੰਕਟਪੂਰਨ ਸਥਿਤੀ ਸੀ। ਅਰਥਵਿਵਸਥਾ ਨੂੰ ਪੜਾਅਵਾਰ ਸੁਧਾਰਨ ਅਤੇ ਸ਼ਾਸਨ ਪ੍ਰਣਾਲੀਆਂ ਨੂੰ ਸੁਚਾਰੂ ਕਰਨ ਦੀ ਜ਼ਿੰਮੇਵਾਰੀ ਬਹੁਤ ਵੱਡੀ ਸੀ।’’ ਵ੍ਹਾਈਟ ਪੇਪਰ ਮੁਤਾਬਿਕ, ਯੂ. ਪੀ. ਏ. ਸਰਕਾਰ ਆਰਥਿਕ ਗਤੀਵਿਧੀਆਂ ਨੂੰ ਸੁਚਾਰੂ ਰੂਪ ਦੇਣ ’ਚ ਬੁਰੀ ਤਰ੍ਹਾਂ ਨਾਕਾਮ ਰਹੀ। ਇਸ ਦੀ ਬਜਾਏ ਯੂ. ਪੀ. ਏ. ਸਰਕਾਰ ਨੇ ਰੁਕਾਵਟਾਂ ਪੈਦਾ ਕੀਤੀਆਂ, ਜਿਸ ਨਾਲ ਅਰਥਵਿਵਸਥਾ ਪੱਛੜ ਕੇ ਰਹਿ ਗਈ।

PunjabKesari

ਕਾਂਗਰਸ ਲਿਆਈ ਬਲੈਕ ਪੇਪਰ, ਬੋਲੀ-ਮੋਦੀ ਦੇ 10 ਸਾਲ ‘ਅਨਿਆਂ ਕਾਲ’

ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ 10 ਸਾਲ ਦੀਆਂ ‘ਨਾਕਾਮੀਆਂ’ ਨੂੰ ਜਨਤਾ ਸਾਹਮਣੇ ਉਜਾਗਰ ਕਰਨ ਦੇ ਮਕਸਦ ਨਾਲ ਵੀਰਵਾਰ ਨੂੰ ‘ਬਲੈਕ ਪੇਪਰ’ ਜਾਰੀ ਕੀਤਾ। ਪਾਰਟੀ ਨੇ ਇਸ ‘ਬਲੈਕ ਪੇਪਰ’ ’ਚ ਮਹਿੰਗਾਈ, ਬੇਰੋਜ਼ਗਾਰੀ, ਕਿਸਾਨਾਂ ਦੀ ਦੁਰਦਸ਼ਾ, ਔਰਤਾਂ ਦੀ ਸਥਿਤੀ ਅਤੇ ਹੋਰ ਕਈ ਮੁੱਦਿਆਂ ’ਤੇ ਸਰਕਾਰ ’ਤੇ ਨਾਕਾਮ ਰਹਿਣ ਦੇ ਦੋਸ਼ ਲਾਏ ਹਨ। ਉਸ ਨੇ ਇਸ ਨੂੰ ‘10 ਸਾਲ, ਅਨਿਆਂ ਕਾਲ’ ਦਾ ਨਾਂ ਦਿੱਤਾ ਹੈ। ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਇਹ ‘ਬਲੈਕ ਪੇਪਰ’ ਜਾਰੀ ਕੀਤਾ ਅਤੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੀ ਕਾਂਗਰਸ 2024 ’ਚ ਦੇਸ਼ ਨੂੰ ਭਾਜਪਾ ਦੇ ‘ਅਨਿਆਂ ਦੇ ਅੰਧਕਾਰ’ ’ਚੋਂ ਬਾਹਰ ਕੱਢੇਗੀ। ਖੜਗੇ ਨੇ ਕਿਹਾ ਕਿ ਸਰਕਾਰ ਹਮੇਸ਼ਾ ਆਪਣੇ 10 ਸਾਲਾਂ ਦੇ ਕਾਰਜਕਾਲ ਦੀ ਤੁਲਨਾ ਯੂ. ਪੀ. ਏ. ਸਰਕਾਰ ਨਾਲ ਕਰਦੀ ਹੈ ਪਰ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਕਾਂਗਰਸ ਦੀਆਂ ਪ੍ਰਾਪਤੀਆਂ ਬਾਰੇ ਕਦੇ ਨਹੀਂ ਦੱਸਦੀ। ਉਨ੍ਹਾਂ ਸਰਕਾਰ ’ਤੇ ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਸੂਬਿਆਂ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ। ਖੜਗੇ ਨੇ ਕਿਹਾ, ‘‘ਜਿਸ ਸੂਬੇ ’ਚ ਭਾਜਪਾ ਦੀ ਸਰਕਾਰ ਨਹੀਂ ਹੈ, ਉੱਥੇ ਕੇਂਦਰ ਸਰਕਾਰ ਮਨਰੇਗਾ ਦਾ ਪੈਸਾ ਵੀ ਨਹੀਂ ਦਿੰਦੀ, ਫਿਰ ਬਾਅਦ ’ਚ ਕਹਿੰਦੀ ਹੈ ਕਿ ਪੈਸਾ ਜਾ ਰਿਲੀਜ਼ ਹੋਇਆ ਪਰ ਉਹ ਖਰਚ ਨਹੀਂ ਕੀਤਾ ਗਿਆ।’’ ਕਾਂਗਰਸ ਪ੍ਰਧਾਨ ਨੇ ਕਿਹਾ,‘‘ਦੇਸ਼ ’ਚ ਮਹਿੰਗਾਈ ਬਹੁਤ ਜ਼ਿਆਦਾ ਵਧ ਗਈ ਹੈ ਪਰ ਪ੍ਰਧਾਨ ਮੰਤਰੀ ਮੋਦੀ ਇਸ ਨੂੰ ਘੱਟ ਕਰਨ ਦੀ ਬਜਾਏ ਕਾਂਗਰਸ ਨਾਲ ਤੁਲਨਾ ਕਰਦੇ ਰਹਿੰਦੇ ਹਨ। ਜੇ ਮੋਦੀ ਸਰਕਾਰ ਚਾਹੇ ਤਾਂ ਦਾਲ, ਤੇਲ ਸਮੇਤ ਰੋਜ਼ਾਨਾ ਜ਼ਰੂਰੀ ਵਸਤਾਂ ’ਤੇ ਮਹਿੰਗਾਈ ਨੂੰ ਕੰਟਰੋਲ ਕਰ ਸਕਦੀ ਹੈ ਪਰ ਪ੍ਰਧਾਨ ਮੰਤਰੀ ਮੋਦੀ ਆਪਣੇ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਲਈ ਬਾਹਰੋਂ ਚੀਜ਼ਾਂ ਦਰਾਮਦ ਕਰਵਾਉਂਦੇ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News