ਮੋਦੀ ਸਰਕਾਰ 3.0: ਨਵੀਂ ਕੈਬਨਿਟ ''ਚ 11 ਰਾਜ ਸਭਾ ਮੈਂਬਰਾਂ ਨੂੰ ਬਣਾਇਆ ਗਿਆ ਮੰਤਰੀ, ਰਵਨੀਤ ਬਿੱਟੂ ਨੂੰ ਵੀ ਮਿਲੀ ਥਾਂ

06/10/2024 11:28:26 AM

ਨਵੀਂ ਦਿੱਲੀ- ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਕੁੱਲ 71 ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ, 30 ਕੈਬਨਿਟ ਮੰਤਰੀਆਂ, ਸੁਤੰਤਰ ਚਾਰਜ ਵਾਲੇ 5 ਰਾਜ ਮੰਤਰੀਆਂ ਅਤੇ 36 ਰਾਜ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਵਾਰ ਲੋਕ ਸਭਾ ਚੋਣਾਂ ਨਾ ਲੜਨ ਵਾਲੇ ਕਈ ਨੇਤਾਵਾਂ ਨੂੰ ਵੀ ਮੰਤਰੀ ਬਣਾਇਆ ਗਿਆ। ਇਹ ਸਾਰੇ ਵੱਖ-ਵੱਖ ਸੂਬਿਆਂ ਤੋਂ ਰਾਜ ਸਭਾ ਮੈਂਬਰ ਹਨ, ਜਿਨ੍ਹਾਂ ਨੂੰ ਮੋਦੀ ਕੈਬਨਿਟ ਵਿਚ ਥਾਂ ਮਿਲੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਕੈਬਨਿਟ ਵਿਚ 11 ਰਾਜ ਸਭਾ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੀਜੀ ਕੈਬਨਿਟ  'ਚ ਲੋਕ ਸਭਾ ਦੇ 59 ਨਵੇਂ ਚੁਣੇ ਮੈਂਬਰ ਹਨ। 

ਨਵੇਂ ਰਾਜ ਮੰਤਰੀਆਂ ਵਿਚੋਂ ਰਵਨੀਤ ਸਿੰਘ ਬਿੱਟੂ ਅਤੇ ਜਾਰਜ ਕੁਰੀਅਨ ਨਾ ਤਾਂ ਲੋਕ ਸਭਾ ਦੇ ਮੈਂਬਰ ਹਨ ਅਤੇ ਨਾ ਹੀ ਰਾਜ ਸਭਾ ਦੇ। ਇਨ੍ਹਾਂ ਨੂੰ ਸਹੁੰ ਚੁੱਕਣ ਦੇ 6 ਮਹੀਨੇ ਦੇ ਅੰਦਰ ਸੰਸਦ ਦਾ ਮੈਂਬਰ ਬਣਨਾ ਹੋਵੇਗਾ। ਰਾਜ ਮੰਤਰੀ ਦੇ ਰੂਪ ਵਿਚ ਸ਼ਾਮਲ ਕੀਤੇ ਗਏ ਰਾਜ ਸਭਾ ਮੈਂਬਰਾਂ ਵਿਚ ਰਾਮਦਾਸ ਆਠਵਲੇ, ਰਾਮਨਾਥ ਠਾਕੁਰ, ਬੀ. ਐੱਲ. ਵਰਮਾ, ਐੱਲ. ਮੁਰੂਗਨ, ਸਤੀਸ਼ ਚੰਦਰ ਦੁਬੇ ਅਤੇ ਪਵਿੱਤਰਾ ਮਾਰਗੇਰਿਟਾ ਸ਼ਾਮਲ ਹਨ।

ਕੈਬਨਿਟ ਮੰਤਰੀਆਂ ਵਿਚ ਜੋ ਰਾਜ ਸਭਾ ਮੈਂਬਰ ਹਨ- ਉਨ੍ਹਾਂ ਵਿਚ ਜਗਤ ਪ੍ਰਕਾਸ਼ ਨੱਢਾ, ਨਿਰਮਲਾ ਸੀਤਾਰਮਨ, ਐੱਸ. ਜੈਸ਼ੰਕਰ, ਅਸ਼ਵਨੀ ਵੈਸ਼ਣਵ ਅਤੇ ਹਰਦੀਪ ਸਿੰਘ ਪੁਰੀ ਸ਼ਾਮਲ ਹਨ। ਸਰਬਾਨੰਦ ਸੋਨੋਵਾਲ ਅਤੇ ਜੋਤੀਰਾਦਿਤਿਆ ਸਿੰਧੀਆ ਰਾਜ ਸਭਾ ਦੇ ਮੈਂਬਰ ਹਨ ਪਰ ਇਸ ਵਾਰ ਉਹ ਲੋਕ ਸਭਾ ਲਈ ਚੁਣੇ ਗਏ ਹਨ।


Tanu

Content Editor

Related News