ਪਾਸਪੋਰਟ ਨੂੰ ਲੈ ਕੇ ਮੋਦੀ ਸਰਕਾਰ ਨੇ ਕੀਤਾ ਵੱਡਾ ਐਲਾਨ
Saturday, Jun 17, 2017 - 03:04 PM (IST)

ਨਵੀਂ ਦਿੱਲੀ—ਦੇਸ਼ ਭਰ 'ਚ ਪਾਸਪੋਰਟ ਸੇਵਾਵਾਂ ਨੂੰ ਲੋਕਾਂ ਦੇ ਹੋਰ ਨੇੜੇ ਲਿਜਾਣ ਦੇ ਮਕਸਦ ਨਾਲ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ (POPSK) ਯਾਨੀ ਡਾਕਘਰ ਪਾਸਪੋਰਟ ਸੇਵਾ ਕੇਂਦਰਾਂ ਦੇ ਦੂਜੇ ਪੜ੍ਹਾਅ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਦੇਸ਼ ਭਰ 'ਚ ਪਹਿਲਾਂ ਤੋਂ ਹੀ 86 ਡਾਕਘਰਾਂ 'ਚ ਚੱਲ ਰਹੇ ਪਾਸਪੋਰਟ ਸੇਵਾ ਕੇਂਦਰਾਂ ਦੀ ਗਿਣਤੀ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋਰ ਵਧਾ ਕੇ ਇਸ 'ਚ 149 ਅਤੇ ਨਵੇਂ ਕੇਂਦਰਾਂ ਨੂੰ ਖੋਲ੍ਹਿਆ ਜਾਵੇਗਾ।
ਇਸ ਮੌਕੇ 'ਤੇ ਸੁਸ਼ਮਾ ਸਵਰਾਜ ਦੇ ਨਾਲ ਸੰਚਾਰ ਅਤੇ ਡਾਕਘਰ ਮੰਤਰੀ ਮਨੋਜ ਸਿਨਹਾ ਵੀ ਮੌਜੂਦ ਸਨ। ਸੁਸ਼ਮਾ ਸਵਰਾਜ ਨੇ ਇਸ ਮੌਕੇ 'ਤੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਦੂਜੇ ਪੜ੍ਹਾਅ ਦੀ ਸ਼ੁਰੂਆਤ ਦੇ ਨਾਲ ਹੀ ਹੁਣ ਦੇਸ਼ 'ਚ ਕਿਸੇ ਵੀ ਨਾਗਰਿਕ ਨੂੰ 50 ਕਿਲੋਮੀਟਰ ਤੋਂ ਜ਼ਿਆਦਾ ਦੂਰ ਪਾਸਪੋਰਟ ਸੇਵਾਵਾਂ ਲਈ ਨਹੀਂ ਜਾਣਾ ਹੋਵੇਗਾ।
ਦੱਸਿਆ ਜਾਂਦਾ ਹੈ ਕਿ ਪਾਸਪੋਰਟ ਸੇਵਾ ਕੇਂਦਰਾਂ ਦੀ ਸ਼ੁਰੂਆਤ ਪਹਿਲਾਂ ਦੀ ਯੂਪੀਏ ਸਰਕਾਰ ਦੇ ਦੌਰਾਨ ਉਸ ਸਮੇਂ ਦੇ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਦੇ ਕਾਰਜਕਾਲ 'ਚ ਹੋਈ ਸੀ। ਉਸ ਦੌਰਾਨ ਇਨ੍ਹਾਂ ਸੇਵਾਵਾਂ ਨੂੰ ਇੰਨੀ ਗਤੀ ਨਹੀਂ ਮਿਲ ਪਾਈ ਸੀ ਪਰ ਮੋਦੀ ਸਰਕਾਰ ਨੇ ਇਸ ਕੰਮ ਨੂੰ ਲੈ ਕੇ ਕਾਫੀ ਸਰਗਰਮੀ ਦਿਖਾਈ ਹੈ। ਇਹੀਂ ਕਾਰਨ ਹੈ ਕਿ ਮੋਦੀ ਸਰਕਾਰ ਨੇ ਇਸ ਕੰਮ ਨੂੰ ਪਹਿਲ 'ਚ ਰੱਖਦੇ ਹੋਏ ਯੋਜਨਾ ਨੂੰ ਲਾਗੂ ਕੀਤਾ ਅਤੇ ਹੁਣ ਦੂਜੇ ਪੜ੍ਹਾਅ ਦਾ ਵੀ ਐਲਾਨ ਕਰ ਦਿੱਤਾ ਹੈ।