ਮੋਦੀ ਅਰਧ ਸੈਨਿਕ ਬਲਾਂ ਨੂੰ ‘ਸ਼ਹੀਦ’ ਦਾ ਦਰਜਾ ਨਹੀਂ ਦੇ ਰਹੇ, ਘੱਟ ਤੋਂ ਘੱਟ ਬਿਹਤਰ ਤਨਖਾਹ ਤਾਂ ਦੇਣ : ਰਾਹੁਲ
Monday, Feb 25, 2019 - 07:13 PM (IST)
 
            
            ਨਵੀਂ ਦਿੱਲੀ– ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਲਈ ਜਾਨ ਵਾਰਨ ਵਾਲੇ ਕੇਂਦਰੀ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੂੰ ‘ਸ਼ਹੀਦ’ ਦਾ ਦਰਜਾ ਦੇਣ ਦੀ ਉਨ੍ਹਾਂ ਦੀ ਅਪੀਲ ਸਵੀਕਾਰ ਨਹੀਂ ਕਰ ਰਹੇ ਹਨ ਪਰ ਉਹ ਉਮੀਦ ਕਰਦੇ ਹਨ ਕਿ ਅਰਧ ਸੈਨਿਕ ਬਲਾਂ ਨੂੰ ਬਿਹਤਰ ਤਨਖਾਹ ਦੇਣ ਸਬੰਧੀ ਸੁਪਰੀਮ ਕੋਰਟ ਦੇ ਇਕ ਹੁਕਮ ’ਤੇ ਅਮਲ ਜ਼ਰੂਰ ਕਰਨ। ਕੇਂਦਰੀ ਬਲਾਂ ਦੀ ਤਨਖਾਹ ਵਿਚ ਵਾਧੇ ਨਾਲ ਜੁੜੇ ‘ਨਾਨ-ਫੰਕਸ਼ਨਲ ਫਾਈਨਾਂਸ਼ੀਅਲ ਅਪਗ੍ਰੇਡੇਸ਼ਨ’ (ਐੱਨ. ਐੱਫ. ਐੱਫ. ਯੂ.) ਨੂੰ ਕੇਂਦਰ ਸਰਕਾਰ ਵਲੋਂ ਸਵੀਕਾਰ ਨਾ ਕੀਤੇ ਜਾਣ ਸਬੰਧੀ ਖਬਰ ਦਾ ਹਵਾਲਾ ਦਿੰਦਿਆਂ ਗਾਂਧੀ ਨੇ ਟਵੀਟ ਕੀਤਾ,‘‘ਜੇਕਰ ਮੋਦੀ ਜੀ ਦਾ ਹੰਕਾਰ ਉਨ੍ਹਾਂ ਨੂੰ ਮੇਰੀ ਅਪੀਲ ’ਤੇ ਅਮਲ ਨਹੀਂ ਕਰਨ ਦੇ ਰਿਹਾ ਹੈ ਤਾਂ ਮੈਂ ਇਹ ਉਮੀਦ ਕਰਦਾ ਹਾਂ ਕਿ ਉਹ ਅਰਧ ਸੈਨਿਕ ਬਲਾਂ ਨੂੰ ਬਿਹਤਰ ਤਨਖਾਹ ਦੇਣ ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਕਦਮ ਚੁੱਕਣ।’’ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਇਸ ਮਾਮਲੇ ਨੂੰ ਲੈ ਕੇ ਦਾਅਵਾ ਕੀਤਾ,‘‘ਮੋਦੀ ਸਰਕਾਰ ਨੇ ਸੁਪਰੀਮ ਕੋਰਟ ਵਿਚ ਸੀ. ਆਰ. ਪੀ. ਐੱਫ. ਦੇ ਤਨਖਾਹ ਵਾਧੇ ਦਾ ਵਿਰੋਧ ਕੀਤਾ ਸੀ। ਫੌਜ ਅਤੇ ਜਵਾਨਾਂ ਦੀ ਸ਼ਹਾਦਤ ’ਤੇ ਸਿਰਫ ਸਿਆਸੀ ਰੋਟੀਆਂ ਸੇਕਣ ਵਾਲੀ ਮੋਦੀ ਸਰਕਾਰ ਸਾਡੇ ਵੀਰ ਜਵਾਨਾਂ ਦੇ ਹੱਕ ਦਾ ਜ਼ਬਰਦਸਤ ਵਿਰੋਧ ਕਰ ਕੇ ਦੋਗਲੇਪਨ ਦੀ ਹੱਦ ਲੰਘ ਚੁੱਕੀ ਹੈ।’’ ਉਨ੍ਹਾਂ ਸਵਾਲ ਕੀਤਾ,‘‘ਮੋਦੀ ਜੀ ਕੀ ਇਹ ਹੀ ‘ਜੈ ਜਵਾਨ’ ਹੈ?’’

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            