ਮੋਦੀ ਦੇ ਭਰਾ ਨੂੰ ਗੁਜਰਾਤ ''ਚ ਨਾਜਾਇਜ਼ ਉਸਾਰੀ ਕਰਾਉਣ ''ਤੇ ਨਗਰ ਨਿਗਮ ਵਲੋਂ ਨੋਟਿਸ
Saturday, Jun 23, 2018 - 09:40 AM (IST)

ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ ਨਗਰ ਨਿਗਮ (ਏ. ਐੱਮ. ਸੀ.) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਲਾਦ ਮੋਦੀ ਨੂੰ ਆਪਣੀ ਜਨਤਕ ਵੰਡ ਪ੍ਰਣਾਲੀ (ਪੀ. ਡੀ. ਐੱਸ.) ਦੁਕਾਨ ਦੇ ਨਾਲ ਨਾਜਾਇਜ਼ ਉਸਾਰੀ ਕਰਵਾਉਣ 'ਤੇ ਨੋਟਿਸ ਜਾਰੀ ਕੀਤਾ ਹੈ। ਏ. ਐੱਮ. ਸੀ. ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਰਬਰੀ ਕਾਲੋਨੀ 'ਚ ਕਰਾਈ ਜਾ ਰਹੀ ਇਹ ਉਸਾਰੀ ਨਾਜਾਇਜ਼ ਹੈ। ਉਨ੍ਹਾਂ ਨੂੰ ਪਹਿਲਾਂ ਵੀ ਉਸਾਰੀ ਰੋਕਣ ਨੂੰ ਕਿਹਾ ਜਾ ਚੁੱਕਾ ਹੈ ਅਤੇ ਪਲਾਨ ਦੇ ਮਨਜ਼ੂਰ ਹੋਣ ਤਕ ਉਡੀਕ ਕਰਨ ਲਈ ਕਿਹਾ ਗਿਆ ਸੀ। ਅਧਿਕਾਰੀਆਂ ਨੇ ਅੱਗੇ ਕਿਹਾ, ''ਹਾਲਾਂਕਿ ਫਿਰ ਵੀ ਉਨ੍ਹਾਂ ਨੇ ਉਸਾਰੀ ਜਾਰੀ ਰੱਖੀ।
ਇਹ ਤੀਸਰਾ ਅਤੇ ਆਖਰੀ ਨੋਟਿਸ ਹੈ। ਜਿਸ ਦੇ ਮਗਰੋਂ ਏ. ਐੱਮ. ਸੀ. ਕੋਲ ਇਸ ਨਾਜਾਇਜ਼ ਢਾਂਚੇ ਨੂੰ ਡੇਗਣ ਦਾ ਬਦਲ ਬਚੇਗਾ।'' ਪ੍ਰਹਲਾਦ ਮੋਦੀ ਇਸ ਸਮੇਂ ਛੱਤੀਸਗੜ੍ਹ 'ਚ ਹਨ ਅਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਏ. ਐੱਮ. ਸੀ. ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ।