ਮੋਦੀ ਦਾ ਨਵਾਂ ਮੀਲ ਦਾ ਪੱਥਰ
Friday, Oct 27, 2023 - 02:53 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਵਿਦੇਸ਼ ਯਾਤਰਾਵਾਂ ਦਾ ਰਿਕਾਰਡ ਤੋੜ ਕੇ ਇਕ ਹੋਰ ਮੀਲ ਦਾ ਪੱਥਰ ਪਾਰ ਕਰ ਲਿਆ। ਮਨਮੋਹਨ ਸਿੰਘ ਨੇ 10 ਸਾਲਾਂ ਦੌਰਾਨ 73 ਵਿਦੇਸ਼ੀ ਯਾਤਰਾਵਾਂ ਕੀਤੀਆਂ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਦਫਤਰ ਦੇ 9 ਸਾਲਾਂ ਅਤੇ 5 ਮਹੀਨਿਆਂ ਵਿਚ 74 ਯਾਤਰਾਵਾਂ ਕੀਤੀਆਂ। ਮੋਦੀ ਆਪਣੇ ਦੂਜੇ ਕਾਰਜਕਾਲ ਦੇ ਬਾਕੀ 7 ਮਹੀਨਿਆਂ ਵਿਚ ਲਗਭਗ ਅੱਧਾ ਦਰਜਨ ਵਿਦੇਸ਼ੀ ਦੌਰੇ ਕਰਨਗੇ।
ਮਨਮੋਹਨ ਸਿੰਘ ਨੇ ਪਹਿਲੀ ਯਾਤਰਾ ਥਾਈਲੈਂਡ ਦੀ ਕੀਤੀ ਸੀ। ਉਹ ਉਥੇ 29 ਜੁਲਾਈ, 2004 ਨੂੰ ਬਿਮਸਟੇਕ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਗਏ ਸਨ। ਉਥੇ ਹੀ ਮੋਦੀ ਨੇ ਅਹੁਦਾ ਸੰਭਾਲਣ ਤੋਂ ਬਾਅਦ 15-16 ਜੂਨ, 2014 ਨੂੰ ਭੂਟਾਨ ਦੀ ਪਹਿਲੀ ਵਿਦੇਸ਼ ਯਾਤਰਾ ਕੀਤੀ। ਸਿੰਘ ਨੇ 3 ਮਾਰਚ, 2014 ਨੂੰ ਮਿਆਂਮਾਰ ਦੀ ਆਪਣੀ ਆਖਰੀ ਯਾਤਰਾ ਕੀਤੀ ਤਾਂ ਉਥੇ ਹੀ ਮੋਦੀ ਦੀ ਆਖਰੀ ਵਿਦੇਸ਼ ਯਾਤਰਾ ਇੰਡੋਨੇਸ਼ੀਆ ਦੀ ਸੀ, ਜਿਥੇ ਉਨ੍ਹਾਂ ਸਤੰਬਰ ਵਿਚ ਆਸੀਆਨ (ਦੱਖਣ ਪੂਰਬ ਏਸ਼ੀਆਈ ਦੇਸ਼ਾਂ ਦੇ ਸੰਘ) ਵਿਚ ਹਿੱਸਾ ਲਿਆ ਸੀ।
ਇਹ ਵੀ ਸਾਹਮਣੇ ਆਇਆ ਕਿ ਮੋਦੀ ਨੇ ਆਪਣੇ ਸਾਬਕਾ ਪ੍ਰਧਾਨ ਮੰਤਰੀ ਦੀ ਤੁਲਨਾ ਵਿਚ ਵਿਦੇਸ਼ ਵਿਚ ਘੱਟ ਦਿਨ ਬਿਤਾਏ ਹਨ (270 ਦਿਨ ਮੋਦੀ ਬਨਾਮ ਸਿੰਘ ਦੇ 306 ਦਿਨ) ਅਤੇ ਕਿਸੇ ਵੀ ਹੋਰ ਭਾਰਤੀ ਪ੍ਰਧਾਨ ਮੰਤਰੀ ਦੀ ਤੁਲਨਾ ਵਿਚ ਵਧ ਵਿਆਪਕ ਤੇ ਸਰਗਰਮ ਰੂਪ ਨਾਲ ਯਾਤਰਾ ਕੀਤੀ ਹੈ। ਸਿੰਘ ਨੇ ਆਪਣੇ ਪਹਿਲੇ ਕਾਰਜਕਾਲ ਵਿਚ 35 ਅਤੇ ਦੂਜੇ ਕਾਰਜਕਾਲ ਵਿਚ 38 ਵਿਦੇਸ਼ੀ ਦੌਰੇ ਕੀਤੇ। ਮੋਦੀ ਨੇ ਆਪਣੇ ਪਹਿਲੇ ਕਾਰਜਕਾਲ ਵਿਚ 49 ਵਿਦੇਸ਼ੀ ਯਾਤਰਾਵਾਂ ਕੀਤੀਆਂ, ਜੋ ਉਨ੍ਹਾਂ ਦੇ ਦੂਜੇ ਕਾਰਜਕਾਲ ਵਿਚ ਘੱਟ ਕੇ 25 ਰਹਿ ਗਈਆਂ, ਜਿਸ ਵਿਚ ਕੋਵਿਡ-19 ਮਹਾਮਾਰੀ ਦੇ 2 ਸਾਲ ਵੀ ਸ਼ਾਮਲ ਸਨ। ਮਜ਼ੇਦਾਰ ਗੱਲ ਇਹ ਹੈ ਕਿ ਮੋਦੀ 5 ਵਾਰ ਨੇਪਾਲ ਜਾ ਚੁੱਕੇ ਹਨ ਜਦਕਿ ਸਿੰਘ ਇਕ ਵਾਰ ਵੀ ਨੇਪਾਲ ਨਹੀਂ ਗਏ। ਜੁਲਾਈ, 2017 ਵਿਚ ਇਜ਼ਰਾਈਲ ਅਤੇ ਉਸ ਦੇ ਇਕ ਸਾਲ ਬਾਅਦ ਫਿਲਸਤੀਨ ਦੀ ਯਾਤਰਾ ਕਰਨ ਵਾਲੇ ਮੋਦੀ ਪਹਿਲੇ ਪੀ. ਐੱਮ. ਬਣੇ।