ਦੁਖਦ ਖ਼ਬਰ: ਚਾਰਜਿੰਗ ਦੌਰਾਨ ਫਟਿਆ ਮੋਬਾਇਲ ਫੋਨ, ਮਾਂ ਸਮੇਤ ਦੋ ਬੱਚਿਆਂ ਦੀ ਮੌਤ

08/11/2020 2:38:00 PM

ਤਾਮਿਲਨਾਡੂ— ਤਾਮਿਲਨਾਡੂ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੋਬਾਇਲ ਫਟਣ ਨਾਲ ਮਾਂ ਅਤੇ ਉਸ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਇਹ ਮਾਮਲਾ ਤਾਮਿਲਨਾਡੂ ਦੇ ਕਰੂਰ ਦਾ ਹੈ, ਜਿੱਥੇ ਇਹ ਦਰਦਨਾਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਮੋਬਾਇਲ ਫੋਨ ਚਾਰਜਿੰਗ 'ਤੇ ਲੱਗਾ ਹੋਇਆ ਸੀ ਅਤੇ ਉਹ ਫਟ ਗਿਆ। ਮੋਬਾਇਲ ਫਟਣ ਕਾਰਨ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਦੋਹਾਂ ਬੱਚਿਆਂ ਨੇ ਹਸਪਤਾਲ 'ਚ ਦਮ ਤੋੜਿਆ। 29 ਸਾਲਾ ਜਨਾਨੀ ਮੁਥੂਲਕਸ਼ਮੀ ਨੇ ਮੋਬਾਇਲ ਚਾਰਜਿੰਗ 'ਤੇ ਲਾਇਆ ਹੋਇਆ ਸੀ। ਮੋਬਾਇਲ ਫਟਣ ਤੋਂ ਬਾਅਦ ਮੁਥੂਲਕਸ਼ਮੀ ਅੱਗ 'ਚ ਝੁਲਸ ਗਈ ਅਤੇ ਉਸ ਦੌਰਾਨ ਕਮਰੇ ਵਿਚ ਉਸ ਦੇ ਦੋਵੇਂ ਬੱਚੇ- 3 ਸਾਲਾ ਰਨਜੀਤ ਅਤੇ 2 ਸਾਲਾ ਦੀਕਸ਼ਤ ਵੀ ਮੌਜੂਦ ਸਨ। ਘਟਨਾ ਵਿਚ ਉਹ ਗੰਭੀਰ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

PunjabKesari

ਮੋਬਾਇਲ ਫਟਣ ਦੀ ਇਹ ਘਟਨਾ ਸੋਮਵਾਰ ਸਵੇਰੇ 6 ਵਜੇ ਦੇ ਕਰੀਬ ਵਾਪਰੀ। ਐਤਵਾਰ ਦੀ ਰਾਤ ਨੂੰ ਮੁਥੂਲਕਸ਼ਮੀ ਆਪਣੇ ਘਰ 'ਚ ਸੋਫੇ 'ਤੇ ਸੁੱਤੀ ਹੋਈ ਸੀ ਅਤੇ ਉਸ ਕੋਲ ਹੀ ਫੋਨ ਚਾਰਜਿੰਗ 'ਤੇ ਲੱਗਾ ਹੋਇਆ ਸੀ। ਸੋਮਵਾਰ ਸਵੇਰੇ 6 ਵਜੇ ਦੇ ਕਰੀਬ ਉਨ੍ਹਾਂ ਦੇ ਗੁਆਂਢੀਆਂ ਨੇ ਧੂੰਆਂ ਨਿਕਲਦੇ ਦੇਖਿਆ ਅਤੇ ਅਲਰਟ ਹੋ ਗਏ। ਉਨ੍ਹਾਂ ਨੇ ਤੁਰੰਤ ਅੱਗ ਬੁਝਾਊ ਦਸਤੇ ਨੂੰ ਬੁਲਾਇਆ। ਮੁਥੂਲਕਸ਼ਮੀ ਦੇ ਘਰ ਦੇ ਬਾਹਰ ਲੋਕਾਂ ਦੀ ਭੀੜ ਲੱਗ ਗਈ ਅਤੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਮੁਥੂਲਕਸ਼ਮੀ ਦੀ ਲਾਸ਼ ਪਈ ਸੀ ਅਤੇ ਉਸ ਦੇ ਦੋਵੇਂ ਬੱਚੇ ਬੇਹੋਸ਼ੀ ਦੀ ਹਾਲਤ 'ਚ ਸਨ। ਅੱਗ ਬੁਝਾਊ ਦਸਤਿਆਂ ਨੇ ਤੁਰੰਤ ਬੱਚਿਆਂ ਨੂੰ ਹਸਪਤਾਲ ਪਹੁੰਚਿਆ ਪਰ ਉਹ ਬਚ ਨਹੀਂ ਸਕੇ।

ਦਰਅਸਲ ਮੁਥੂਲਕਸ਼ਮੀ ਦਾ 6 ਸਾਲ ਪਹਿਲਾਂ ਬਾਲਾਕ੍ਰਿਸ਼ਨਨ ਨਾਲ ਵਿਆਹ ਹੋਇਆ ਸੀ। ਉਹ ਇਕ ਛੋਟਾ ਜਿਹਾ ਖਾਣੇ ਦਾ ਸਟਾਲ ਚਲਾਉਂਦੇ ਸਨ। ਕਰੀਬ ਢਾਈ ਸਾਲ ਪਹਿਲਾਂ ਮੁਥੂਲਕਸ਼ਮੀ ਘਰੇਲੂ ਸਮੱਸਿਆਵਾਂ ਕਾਰਨ ਆਪਣੇ ਪਤੀ ਤੋਂ ਵੱਖ ਹੋ ਗਈ ਸੀ ਅਤੇ ਆਪਣੇ ਬੱਚਿਆਂ ਨਾਲ ਘਰ 'ਚ ਰਹਿ ਰਹੀ ਸੀ। ਤਾਲਾਬੰਦੀ ਦੌਰਾਨ ਉਨ੍ਹਾਂ ਕੋਲ ਆਮਦਨੀ ਦਾ ਕੋਈ ਸਾਧਨ ਨਹੀਂ ਸੀ। ਮੁਥੂਲਕਸ਼ਮੀ ਨੇ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲਏ ਸਨ। ਉਹ ਆਪਣੇ ਪਰਿਵਾਰ ਦਾ ਇਕੱਲੇ ਬੋਝ ਚੁੱਕ ਰਹੀ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਪੋਸਟਮਾਰਟਮ ਮਗਰੋਂ ਲਾਸ਼ਾਂ ਮੁਥੂਲਕਸ਼ਮੀ ਦੇ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ।


Tanu

Content Editor

Related News