ਮਨਸੇ ਨੇਤਾ ਨੇ ਬਾਬਰੀ ਮਸਜਿਦ ਦੀ ਇੱਟ ਰਾਜ ਠਾਕਰੇ ਨੂੰ ਤੋਹਫ਼ੇ ਵਜੋਂ ਦਿੱਤੀ
Tuesday, Feb 06, 2024 - 03:38 PM (IST)
ਮੁੰਬਈ- ਮਹਾਰਾਸ਼ਟਰ ਨਵ-ਨਿਰਮਾਣ ਸੈਨਾ (ਮਨਸੇ) ਦੇ ਨੇਤਾ ਬਾਲਾ ਨੰਦਗਾਂਵਕਰ ਅਯੁੱਧਿਆ 'ਚ ਢਾਹੀ ਗਈ ਬਾਬਰੀ ਮਸਜਿਦ ਦੀ ਇੱਟ ਲੈ ਕੇ ਆਏ, ਜੋ ਉਨ੍ਹਾਂ ਨੇ ਮੰਗਲਵਾਰ ਨੂੰ ਰਾਜ ਠਾਕਰੇ ਨੂੰ ਤੋਹਫ਼ੇ ਵਿਚ ਦਿੱਤੀ। ਨੰਦਗਾਂਵਕਰ ਨੇ ਦਾਅਵਾ ਕੀਤਾ ਕਿ ਮਨਸੇ ਮੁਖੀ ਰਾਜ ਠਾਕਰੇ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਦੀ ਵਿਚਾਰਧਾਰਾ ਦੇ ਉੱਤਰਾਧਿਕਾਰੀ ਹਨ। 16ਵੀਂ ਸਦੀ ਦੀ ਇਸ ਮਸਜਿਦ ਨੂੰ ਸਾਲ 1992 'ਚ ਕਾਰ ਸੇਵਕਾਂ ਨੇ ਢਾਹ ਦਿੱਤਾ ਸੀ।
ਬਾਲ ਠਾਕਰੇ ਅਕਸਰ ਕਹਿੰਦੇ ਸਨ ਕਿ ਢਾਂਚੇ ਨੂੰ ਡਿਗਾਉਣ 'ਚ ਜੇਕਰ ਉਨ੍ਹਾਂ ਦੇ ਕਿਸੇ ਸ਼ਿਵ ਸੈਨਿਕ ਨੇ ਹਿੱਸਾ ਲਿਆ ਹੁੰਦਾ ਤਾਂ ਉਨ੍ਹਾਂ ਨੂੰ ਮਾਣ ਹੁੰਦਾ। ਨੰਦਗਾਂਵਕਰ ਨੇ ਕਿਹਾ ਕਿ ਉਨ੍ਹਾਂ ਨੇ ਸਾਲਾਂ ਤੋਂ ਇੱਟ ਨੂੰ ਸੰਭਾਲ ਕੇ ਰੱਖਿਆ ਸੀ। ਮੈਂ ਹਮੇਸ਼ਾ ਤੋਂ ਚਾਹੁੰਦਾ ਸੀ ਕਿ ਰਾਮ ਮੰਦਰ ਦੇ ਨਿਰਮਾਣ ਮਗਰੋਂ ਇਸ ਨੂੰ ਬਾਲਾ ਸਾਹਿਬ ਠਾਕਰੇ ਨੂੰ ਤੋਹਫੇ ਵਿਚ ਦੇਵਾਂਗਾ। ਦੁੱਖ ਦੀ ਗੱਲ ਹੈ ਕਿ ਮੰਦਰ ਤਾਂ ਬਣ ਗਿਆ ਪਰ ਬਾਲਾ ਸਾਹਿਬ ਸਾਡੇ ਦਰਮਿਆਨ ਨਹੀਂ ਹਨ। ਰਾਜ ਠਾਕਰੇ ਬਾਲਾ ਸਾਹਿਬ ਦੀ ਵਿਚਾਰਧਾਰਾ ਦੇ ਉੱਤਰਾਧਿਕਾਰੀ ਹਨ। ਨੰਦਗਾਂਵਕਰ ਨੇ ਕਿਹਾ ਕਿ ਉਹ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੇ ਜਾਣ ਮੌਕੇ ਅਯੁੱਧਿਆ ਗਏ ਸਨ। ਕਾਰ ਸੇਵਾ ਲਈ ਮੇਰੇ ਨਾਲ ਸ਼ਿਵ ਸੈਨਾ ਦੇ ਕਈ ਵਰਕਰ ਸਨ।