ਜੁੱਤੀਆਂ ਮਾਰਾਂਗਾ ਤੇ ਨੰਗਾ ਕਰ ਕੇ ਚੌਕ ’ਚ ਘੁਮਾਵਾਂਗਾ ; ਵਿਧਾਇਕ ਦੀ ਇੰਜੀਨੀਅਰਾਂ ਨੂੰ ਧਮਕਾਉਣ ਦੀ ਵੀਡੀਓ ਵਾਇਰਲ

Tuesday, Nov 11, 2025 - 11:18 PM (IST)

ਜੁੱਤੀਆਂ ਮਾਰਾਂਗਾ ਤੇ ਨੰਗਾ ਕਰ ਕੇ ਚੌਕ ’ਚ ਘੁਮਾਵਾਂਗਾ ; ਵਿਧਾਇਕ ਦੀ ਇੰਜੀਨੀਅਰਾਂ ਨੂੰ ਧਮਕਾਉਣ ਦੀ ਵੀਡੀਓ ਵਾਇਰਲ

ਲਖਨਊ– ਉੱਤਰ ਪ੍ਰਦੇਸ਼ ਦੇ ਸਿਧਾਰਥ ਨਗਰ ’ਚ ਸਥਿਤ ਸ਼ੋਹਰਤਗੜ੍ਹ ਦੇ ਅਪਨਾ ਦਲ (ਸੋਨੇਲਾਲ) ਦੇ ਵਿਧਾਇਕ ਵਿਨੇ ਵਰਮਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਪੀ. ਡਬਲਯੂ. ਡੀ. ਦੇ ਇੰਜੀਨੀਅਰਾਂ ਨੂੰ ਝਾੜਾਂ ਪਾਉਂਦੇ ਤੇ ਧਮਕਾਉਂਦੇ ਹੋਏ ਨਜ਼ਰ ਆ ਰਹੇ ਹਨ। ਉਹ ਉਨ੍ਹਾਂ ਨੂੰ ਨੰਗਾ ਕਰ ਕੇ ਚੌਕ ’ਚ ਘੁਮਾਉਣ ਦੀ ਧਮਕੀ ਵੀ ਦੇ ਰਹੇ ਹਨ।

ਵਿਨੇ ਵਰਮਾ ਨੇ ਇਸ ਘਟਨਾ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਮੇਟਾ (ਫੇਸਬੁੱਕ) ’ਤੇ ਲਾਈਵ ਵੀ ਕੀਤਾ। ਹਾਲਾਂਕਿ ਇਸ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਹੋ ਸਕੀ।

ਵਿਧਾਇਕ ਵਿਨੇ ਵਰਮਾ ਮੰਗਲਵਾਰ ਨੂੰ ਸ਼ਹਿਰ ਦੇ ਪੀ. ਡਬਲਯੂ. ਡੀ. ਗੈਸਟ ਹਾਊਸ ’ਚ ਪਹੁੰਚੇ। ਉੱਥੇ ਇਕ ਕਮਰੇ ਵਿਚ ਪੀ. ਡਬਲਯੂ. ਡੀ. ਦੇ 2 ਇੰਜੀਨੀਅਰ ਤੇ ਠੇਕੇਦਾਰ ਬੈਠੇ ਸਨ। ਇਨ੍ਹਾਂ ਵਿਚ ਕੁਝ ਅਜਿਹੇ ਠੇਕੇਦਾਰ ਵੀ ਸਨ ਜਿਨ੍ਹਾਂ ਨੂੰ ਬਲੈਕ ਲਿਸਟਿਡ ਕਰ ਦਿੱਤਾ ਗਿਆ ਹੈ। ਇਨ੍ਹਾਂ ਠੇਕੇਦਾਰਾਂ ਨੇ ਵਿਧਾਇਕ ਖਿਲਾਫ ਮੁਰਦਾਬਾਦ ਦੇ ਨਾਅਰੇ ਵੀ ਲਾਏ ਸਨ। ਉੱਥੇ ਪਹੁੰਚਦੇ ਹੀ ਵਿਧਾਇਕ ਵਿਨੇ ਵਰਮਾ ਭੜਕ ਗਏ। ਉਨ੍ਹਾਂ ਇੰਜੀਨੀਅਰਾਂ ਨੂੰ ਕਿਹਾ ਕਿ ਵਿਧਾਇਕ ਦੀ ਸੁਣਦੇ ਨਹੀਂ ਅਤੇ ਇੱਥੇ ਬੈਠ ਕੇ ਇਨ੍ਹਾਂ ਨਾਲ ਦਲਾਲੀ ਕਰ ਰਹੇ ਹੋ। ਜਨਤਾ ਪ੍ਰੇਸ਼ਾਨ ਹੈ ਅਤੇ ਤੁਸੀਂ ਕੰਮ ਨਹੀਂ ਕਰ ਰਹੇ।

ਵਿਧਾਇਕ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਕਿਹਾ ਕਿ ਤੁਹਾਨੂੰ ਜੁੱਤੀਆਂ ਮਾਰਾਂਗਾ ਅਤੇ ਨੰਗਾ ਕਰ ਕੇ ਚੌਕ ’ਚ ਘੁਮਾਵਾਂਗਾ। ਤੁਹਾਡੇ ਸਾਰਿਆਂ ਖਿਲਾਫ ਮੁਕੱਦਮਾ ਕਰਾਂਗਾ। ਉਹ ਅਧਿਕਾਰੀਆਂ ’ਤੇ ਚੀਕਦੇ ਰਹੇ, ਜਦੋਂਕਿ ਦੋਵੇਂ ਇੰਜੀਨੀਅਰ ਹੱਥ ਜੋੜ ਕੇ ਮੁਆਫੀ ਮੰਗਦੇ ਰਹੇ।


author

Rakesh

Content Editor

Related News