AK-47 ਬਰਾਮਦਗੀ ਮਾਮਲੇ 'ਚ ਵਿਧਾਇਕ ਅਨੰਤ ਸਿੰਘ ਨੂੰ 10 ਸਾਲ ਦੀ ਸਜ਼ਾ
Tuesday, Jun 21, 2022 - 12:33 PM (IST)
ਪਟਨਾ (ਵਾਰਤਾ)- ਬਿਹਾਰ 'ਚ ਪਟਨਾ ਦੀ ਇਕ ਵਿਸ਼ੇਸ਼ ਅਦਾਲਤ ਨੇ ਏ.ਕੇ.-47 ਰਾਈਫ਼ਲ ਬਰਾਮਦਗੀ ਮਾਮਲੇ 'ਚ ਅੱਜ ਯਾਨੀ ਮੰਗਲਵਾਰ ਨੂੰ ਮੋਕਾਮਾ ਤੋਂ ਵਿਧਾਇਕ ਅਨੰਤ ਕੁਮਾਰ ਸਿੰਘ ਸਮੇਤ 2 ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ। ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਅਪਾਰਧਕ ਮਾਮਲਿਆਂ ਦੀ ਸੁਣਵਾਈ ਲਈ ਪਟਨਾ 'ਚ ਗਠਿਤ ਵਿਸ਼ੇਸ਼ ਅਦਾਲਤ ਦੇ ਜੱਜ ਤ੍ਰਿਲੋਕੀ ਦੁਬੇ ਨੇ ਮਾਮਲੇ 'ਚ ਸਜ਼ਾ ਦੇ ਬਿੰਦੂ 'ਤੇ ਦੋਹਾਂ ਪੱਖਾਂ ਦੀ ਬਹਿਸ ਸੁਣਨ ਤੋਂ ਬਾਅਦ ਖੁੱਲ੍ਹੀ ਅਦਾਲਤ 'ਚ ਇਹ ਸਜ਼ਾ ਸੁਣਾਈ। ਫ਼ੈਸਲਾ ਸੁਣਾਉਂਦੇ ਹੋਏ ਵਿਸ਼ੇਸ਼ ਜੱਜ ਨੇ ਕਿਹਾ ਕਿ ਦੋਹਾਂ ਦੋਸ਼ੀ ਵਿਧਾਇਕਾਂ ਸ਼੍ਰੀ ਸਿੰਘ ਅਤੇ ਸੁਨੀਲ ਰਾਮ ਦੀ ਉਮਰ ਅਤੇ ਉਨ੍ਹਾਂ ਦੀ ਬੀਮਾਰੀ ਨੂੰ ਦੇਖਦੇ ਹੋਏ ਇਹ ਸਜ਼ਾ ਸੁਣਾਈ ਜਾ ਰਹੀ ਹੈ। ਅਦਾਲਤ ਨੇ 14 ਜੂਨ 2022 ਨੂੰ ਦੋਵੇਂ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਇਹ ਵੀ ਪੜ੍ਹੋ : ਕਸ਼ਮੀਰ ਮੁਕਾਬਲਿਆਂ 'ਚ SI ਦੇ ਕਾਤਲ ਸਮੇਤ ਤਿੰਨ ਅੱਤਵਾਦੀ ਢੇਰ
ਮਾਮਲਾ ਸਾਲ 2019 ਦਾ ਹੈ। ਦੋਸ਼ ਅਨੁਸਾਰ, ਗੁਪਤ ਸੂਚਨਾ ਦੇ ਆਧਾਰ 'ਤੇ ਪਟਨਾ ਜ਼ਿਲ੍ਹੇ ਦੇ ਬਾਢ ਥਾਣੇ ਦੀ ਪੁਲਸ ਨੇ ਸ਼੍ਰੀ ਸਿੰਘ ਦੇ ਜੱਦੀ ਪਿੰਡ ਨਦਵਾ ਸਥਿਤ ਆਪਣੇ ਘਰ 'ਤੇ ਛਾਪੇਮਾਰੀ ਕੀਤੀ ਸੀ ਅਤੇ ਕਥਿਤ ਤੌਰ 'ਤੇ ਏ.ਕੇ.-47 ਰਾਈਫ਼ਲ, ਕਾਰਤੂਸ ਅਤੇ ਗ੍ਰਨੇਡ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਸੀ। ਪੁਲਸ ਨੇ ਸੁਨੀਲ ਰਾਮ ਨੂੰ ਗ੍ਰਿਫ਼ਤਾਰ ਕੀਤਾ ਸੀ। ਮਾਮਲੇ ਦੀ ਐੱਫ.ਆਈ.ਆਰ. ਬਾਢ ਥਾਣਾ ਕਾਂਡ ਸੰਖਿਆ 389/2019 ਦੇ ਰੂਪ 'ਚ 16 ਅਗਸਤ 2019 ਨੂੰ ਦਰਜ ਕੀਤੀ ਗਈ ਸੀ। ਐੱਫ.ਆਈ.ਆਰ. 'ਚ ਸ਼੍ਰੀ ਸਿੰਘ ਅਤੇ ਸੁਨੀਲ ਕੁਮਾਰ ਨੂੰ ਨਾਮਜ਼ਦ ਦੋਸ਼ੀ ਬਣਾਇਆ ਗਿਆ ਸੀ। ਸਾਲ 2020 'ਚ ਦੋਹਾਂ ਦੋਸ਼ੀਆਂ ਖ਼ਿਲਾਫ਼ ਵਿਸ਼ੇਸ਼ ਅਦਾਲਤ 'ਚ ਦੋਸ਼ਾਂ ਦਾ ਗਠਨ ਕੀਤਾ ਗਿਆ ਸੀ। ਮਾਮਲੇ ਦੀ ਸੁਣਵਾਈ ਦੌਰਾਨ ਦੋਸ਼ ਸਾਬਿਤ ਕਰਨ ਲਈ 13 ਗਵਾਹਾਂ ਦੇ ਬਿਆਨ ਅਦਾਲਤ 'ਚ ਕਲਮਬੰਦ ਕਰਵਾਏ ਗਏ ਸਨ, ਜਦੋਂ ਕਿ ਬਚਾਅ ਪੱਖ ਵਲੋਂ 34 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ