ਮਿਥੁਨ ਚੱਕਰਵਰਤੀ ਦਾ ਦਾਅਵਾ, ਤ੍ਰਿਣਮੂਲ ਕਾਂਗਰਸ ਦੇ 38 ਵਿਧਾਇਕ ਭਾਜਪਾ ਦੇ ਸੰਪਰਕ ’ਚ

07/28/2022 10:39:31 AM

ਕੋਲਕਾਤਾ (ਭਾਸ਼ਾ)– ਪੱਛਮੀ ਬੰਗਾਲ ’ਚ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਵਾਲੇ ਬਾਲੀਵੁੱਡ ਅਭਿਨੇਤਾ ਮਿਥੁਨ ਚੱਕਰਵਰਤੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ 38 ਵਿਧਾਇਕ ਭਾਜਪਾ ਦੇ ਸੰਪਰਕ ’ਚ ਹਨ। ਉਨ੍ਹਾਂ ਕਿਹਾ ਕਿ 38 ਵਿਧਾਇਕਾਂ ’ਚੋਂ 21 ਸਿੱਧੇ ਮੇਰੇ ਸੰਪਰਕ ’ਚ ਹਨ। ਉਨ੍ਹਾਂ ਇਥੇ ਇਕ ਪ੍ਰੈੱਸਕਾਨਫਰੈਂਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਘੱਟੋ-ਘੱਟ 38 ਤ੍ਰਿਣਮੂਲ ਵਿਧਾਇਕ ਭਾਜਪਾ ਦੇ ਸੰਪਰਕ ’ਚ ਹਨ। ਉਨ੍ਹਾਂ ’ਚੋਂ 21 ਨਿੱਜੀ ਤੌਰ ’ਤੇ ਮੇਰੇ ਸੰਪਰਕ ’ਚ ਹਨ। ਜਦ ਮੈਂ ਮੁੰਬਈ ’ਚ ਸੀ ਤਾਂ ਮੈਂ ਇਕ ਸਵੇਰ ਅਖਬਾਰ ’ਚ ਪੜਿਆ ਕਿ ਸ਼ਿਵ ਸੈਨਾ ਅਤੇ ਭਾਜਪਾ ਨੇ ਮਹਾਰਾਸ਼ਟਰ ’ਚ ਸਰਕਾਰ ਬਣਾਈ ਹੈ।

ਉੱਧਰ ਤ੍ਰਿਣਮੂਲ ਨੇ ਉਨ੍ਹਾਂ ਦੇ ਦੋਸ਼ਾਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਭਿਨੇਤਾ ਝੂਠੇ ਦਾਅਵੇ ਕਰ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੱਕਰਵਰਤੀ ਨੇ ਕਿਹਾ ਕਿ ਭਾਜਪਾ 18 ਸੂਬਿਆਂ ’ਚ ਸੱਤਾ ’ਚ ਹੈ ਅਤੇ ਪਾਰਟੀ ਦਾ ਝੰਡਾ ਬਹੁਤ ਛੇਤੀ ਕੁਝ ਹੋਰ ਸੂਬਿਆਂ ’ਚ ਵੀ ਲਹਿਰਾਏਗਾ। ਉਨ੍ਹਾਂ ਕਿਹਾ ਕਿ ਭਾਜਪਾ ਪੱਛਮੀ ਬੰਗਾਲ ’ਚ ਆਪਣੀ ਲੜਾਈ ਨਹੀਂ ਰੋਕੇਗੀ। ਜੇ ਅੱਜ ਸੂਬੇ ’ਚ ਆਜ਼ਾਦ ਅਤੇ ਨਿਰਪੱਖ ਚੋਣਾਂ ਹੁੰਦੀਆਂ ਹਨ ਤਾਂ ਪਾਰਟੀ ਅਗਲੀ ਸਰਕਾਰ ਬਣਾ ਸਕਦੀ ਹੈ।

ਤ੍ਰਿਣਮੂਲ ਦੇ ਸੰਸਦ ਮੈਂਬਰ ਸ਼ਾਂਤਨੂੰ ਸੇਨ ਨੇ ਇਸ ’ਤੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਨਾਲ ਜਨਤਾ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦਾ ਹਕੀਕਤ ਨਾਲ ਕੋਈ ਸਬੰਧ ਨਹੀਂ ਹੈ। ਪੱਛਮੀ ਬੰਗਾਲ ਦੀ 294 ਮੈਂਬਰਾਂ ਵਾਲੀ ਵਿਧਾਨ ਸਭਾ ’ਚ ਫਿਲਹਾਲ ਭਾਜਪਾ ਦੇ 75 ਵਿਧਾਇਕ ਹਨ ਜਦਕਿ ਤ੍ਰਿਣਮੂਲ ਦੇ ਵਿਧਾਇਕਾਂ ਦੀ ਗਿਣਤੀ 216 ਹੈ। ਹਾਲਾਂਕਿ ਭਾਜਪਾ ਦੇ 5 ਵਿਧਾਇਕ ਸਦਨ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤੇ ਬਿਨਾ ਸੱਤਾਧਾਰੀ ਦਲ ’ਚ ਸ਼ਾਮਲ ਹੋ ਗਏ ਹਨ।


Rakesh

Content Editor

Related News