ਮੁੰਬਈ ਏਅਰਪੋਰਟ ਤੋਂ ਲਾਪਤਾ NRI ਲੱਭਿਆ, 12 ਦਿਨਾਂ ਬਾਅਦ ਪਰਿਵਾਰ ਨਾਲ ਹੋਈ ਮੁਲਾਕਾਤ

Monday, Feb 13, 2023 - 03:14 PM (IST)

ਮੁੰਬਈ ਏਅਰਪੋਰਟ ਤੋਂ ਲਾਪਤਾ NRI ਲੱਭਿਆ, 12 ਦਿਨਾਂ ਬਾਅਦ ਪਰਿਵਾਰ ਨਾਲ ਹੋਈ ਮੁਲਾਕਾਤ

ਮੁੰਬਈ (ਭਾਸ਼ਾ)- ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲਾਪਤਾ ਹੋਏ 69 ਸਾਲਾ ਪ੍ਰਵਾਸੀ ਭਾਰਤੀ ਦਾ ਇੱਥੋਂ ਦੇ ਇਕ ਉਪਨਗਰ 'ਚ ਪਤਾ ਲੱਗਾ ਅਤੇ ਦੋ ਸੁਚੇਤ ਨਾਗਰਿਕਾਂ ਦੀ ਮਦਦ ਨਾਲ 12 ਦਿਨਾਂ ਬਾਅਦ ਉਨ੍ਹਾਂ ਦੀ ਮੁਲਾਕਤਾ ਉਨ੍ਹਾਂ ਦੀ ਧੀ ਨਾਲ ਕਰਵਾਈ ਗਈ। ਪੁਲਸ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਐੱਨ.ਆਰ.ਆਈ. ਧਰਮਲਿੰਗਮ ਪਿਲੱਈ ਦੱਖਣੀ ਅਫਰੀਕਾ 'ਚ ਰਹਿੰਦਾ ਹੈ ਅਤੇ ਯਾਦਦਾਸ਼ਤ ਦੀ ਸਮੱਸਿਆ ਨਾਲ ਪੀੜਤ ਹੈ। ਉਨ੍ਹਾਂ ਨੇ ਦੱਸਿਆ ਕਿ ਉਹ 30 ਜਨਵਰੀ ਨੂੰ ਉਸ ਸਮੇਂ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲਾਪਤਾ ਹੋ ਗਏ, ਜਦੋਂ ਉਹ ਆਪਣੀ ਧੀ ਨਾਲ ਦੱਖਣੀ ਅਫਰੀਕਾ ਦੇ ਡਰਬਨ ਲਈ ਫਲਾਈਟ 'ਚ ਸਵਾਰ ਹੋਣ ਵਾਲੇ ਸਨ। ਪਿੱਲਈ ਇਕ ਸੇਵਾਮੁਕਤ ਕਲਰਕ ਹਨ ਅਤੇ ਉਨ੍ਹਾਂ ਦੀ ਧੀ ਲੌਜਿਸਟਿਕਸ ਦੇ ਖੇਤਰ 'ਚ ਇਕ ਸੀਨੀਅਰ ਅਹੁਦੇ 'ਤੇ ਤਾਇਨਾਤ ਹੈ। ਉਹ ਆਪਣੇ ਪਿਤਾ ਦੇ ਜਨਮ ਦਿਨ ਦੇ ਮੌਕੇ 'ਤੇ ਆਪਣੇ ਪਿੰਡ ਜਾਣ ਲਈ ਭਾਰਤ ਆਏ ਸਨ।

ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਦੱਖਣੀ ਅਫਰੀਕਾ ਗਏ ਸਨ ਅਤੇ ਉਦੋਂ ਤੋਂ ਇਹ ਪਰਿਵਾਰ ਡਰਬਨ 'ਚ ਹੀ ਸੈਟਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ 31 ਜਨਵਰੀ ਨੂੰ ਸਹਿਰ ਥਾਣਾ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਪਿਲੱਈ ਦੀ ਤਸਵੀਰ ਅਤੇ ਅਹਿਮ ਜਾਣਕਾਰੀ ਵਾਲੇ 7000 ਪਰਚੇ ਅਤੇ ਪੋਸਟਰ ਤਿਆਰ ਕਰਕੇ ਸ਼ਹਿਰ 'ਚ ਵੰਡੇ ਗਏ ਸਨ। ਇਸ 'ਚ ਉਨ੍ਹਾਂ ਦੀ ਧੀ ਅਤੇ ਮੁੰਬਈ 'ਚ ਦੱਖਣੀ ਅਫਰੀਕਾ ਦੇ ਕੌਂਸਲੇਟ ਜਨਰਲ ਨੇ ਪੁਲਸ ਦੀ ਮਦਦ ਕੀਤੀ। ਉਨ੍ਹਾਂ ਦੱਸਿਆ ਕਿ ਮੁੰਬਈ ਪੁਲਸ ਨੇ ਵੀ ਸੋਸ਼ਲ ਮੀਡੀਆ 'ਤੇ ਪਿਲੱਈ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਕਈ ਪੁਲਸ ਟੀਮਾਂ ਬਣਾਈਆਂ ਗਈਆਂ ਅਤੇ ਉਨ੍ਹਾਂ ਨੇ ਪਿਲੱਈ ਨੂੰ ਲੱਭਣ ਲਈ ਵੱਖ-ਵੱਖ ਥਾਵਾਂ ਦਾ ਸੀ.ਸੀ.ਟੀ.ਵੀ. ਫੁਟੇਜ ਦੇਖਿਆ ਗਿਆ।

ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ਅਤੇ ਸਮਾਚਾਰ ਦੇ ਮਾਧਿਅਮ ਨਾਲ ਪਿਲੱਈ ਬਾਰੇ ਜਾਣਕਾਰੀ ਰੱਖਣ ਵਾਲੇ 2 ਸੁਚੇਤ ਨਾਗਰਿਕਾਂ ਨੇ ਪ੍ਰਵਾਸੀ ਭਾਰਤੀ ਨੂੰ ਖਾਰ ਉਪਗਰ 'ਚ 14ਵੇਂ ਰੋਡ 'ਤੇ ਘੁੰਮਦੇ ਹੋਏ ਦੇਖਿਆ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਅਤੇ ਇਸ ਤੋਂ ਬਾਅਦ ਪੁਲਸ ਕੰਟਰੋਲ ਰੂਮ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਸ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਇਹ ਜਾਣਕਾਰੀ ਪਿਲੱਈ ਦੀ ਧੀ ਨੂੰ ਵੀ ਦਿੱਤੀ। ਇਸ ਤੋਂ ਬਾਅਦ ਪ੍ਰਵਾਸੀ ਭਾਰਤੀ ਨੂੰ ਸਹਿਰ ਪੁਲਸ ਥਾਣੇ ਲਿਆਂਦਾ ਗਿਆ ਅਤੇ ਐਤਵਾਰ ਸ਼ਾਮ ਉਨ੍ਹਾਂ ਦੀ ਧੀ ਨਾਲ ਮੁਲਾਕਾਤ ਕਰਵਾਈ। ਉਨ੍ਹਾਂ ਦੱਸਿਆ ਕਿ ਇਹ ਸਾਰਿਆਂ ਲਈ ਭਾਵੁਕ ਕਰ ਦੇਣ ਵਾਲਾ ਪਲ ਸੀ।


author

DIsha

Content Editor

Related News