ਲਾਪਤਾ AN-32 ਜਹਾਜ਼ ਨੂੰ ਲੱਭਣ ਲਈ ਭਾਰਤੀ ਜਲ ਸੈਨਾ ਅਤੇ ਇਸਰੋ ਹੋਏ ਸ਼ਾਮਲ
Tuesday, Jun 04, 2019 - 05:01 PM (IST)
ਈਟਾਨਗਰ/ਨਵੀਂ ਦਿੱਲੀ (ਭਾਸ਼ਾ)— ਭਾਰਤੀ ਹਵਾਈ ਫੌਜ ਦੇ ਰੂਸ ਵਲੋਂ ਬਣਾਏ ਗਏ ਏ. ਐੱਨ-32 ਜਹਾਜ਼ ਨੂੰ ਲੱਭਣ ਦੀ ਖੋਜ ਮੁਹਿੰਮ ਵਿਚ ਭਾਰਤੀ ਜਲ ਸੈਨਾ ਦੇ ਲੰਬੀ ਦੂਰੀ ਦੇ 'ਸਮੁੰਦਰੀ ਟੋਹੀ ਜਹਾਜ਼' ਨੂੰ ਸ਼ਾਮਲ ਕੀਤਾ ਗਿਆ ਹੈ। ਦੱਸ ਦੇਈਏ ਕਿ ਏ. ਐੱਨ-32 ਜਹਾਜ਼ ਸੋਮਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਮੇਂਚੁਕਾ ਨੇੜੇ ਲਾਪਤਾ ਹੋ ਗਿਆ, ਜਿਸ 'ਚ 13 ਲੋਕ ਸਵਾਰ ਸਨ। ਜਹਾਜ਼ ਨੇ ਆਸਾਮ ਦੇ ਜੋਰਹਾਟ ਤੋਂ ਸੋਮਵਾਰ ਦੁਪਹਿਰ 12.25 ਵਜੇ ਉਡਾਣ ਭਰੀ ਸੀ। ਉਡਾਣ ਭਰਨ ਦੇ ਕਰੀਬ 33 ਮਿੰਟ ਬਾਅਦ ਜਹਾਜ਼ ਲਾਪਤਾ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਜਹਾਜ਼ ਦਾ ਪਤਾ ਲਾਉਣ ਲਈ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੇ ਇਕ ਬੇੜੇ ਨੂੰ ਪਹਿਲਾਂ ਹੀ ਲਾਇਆ ਗਿਆ ਹੈ।
ਕੈਪਟਨ ਸ਼ਰਮਾ ਨੇ ਕਿਹਾ ਕਿ ਇਸ ਦੇ ਨਾਲ ਹੀ ਭਾਰਤੀ ਜਲ ਸੈਨਾ ਦੇ ਜਹਾਜ਼ ਲੰਬੀ ਦੂਰੀ ਦੇ ਸਮੁੰਦਰੀ ਟੋਹੀ ਜਹਾਜ਼ ਪੀ8ਆਈ ਅਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸੈਟੇਲਾਈਟ ਭਾਰਤੀ ਹਵਾਈ ਫੌਜ ਨਾਲ ਖੋਜ ਮੁਹਿੰਮ ਵਿਚ ਸ਼ਾਮਲ ਹੋ ਗਏ ਹਨ। ਇਹ ਪੀ8ਆਈ ਜਹਾਜ਼ ਇਲੈਕਟ੍ਰੋ ਆਪਟਿਕਲ ਅਤੇ ਇਨਫਰਾ ਰੇਡ ਸੈਂਸਰਾਂ ਦੀ ਮਦਦ ਨਾਲ ਖੋਜ ਮੁਹਿੰਮ 'ਚ ਮਦਦ ਕਰੇਗਾ। ਉਨ੍ਹਾਂ ਨੇ ਟਵੀਟ ਕੀਤਾ ਕਿ ਪੀ8ਆਈ ਜਹਾਜ਼ ਬਹੁਤ ਹੀ ਸ਼ਕਤੀਸ਼ਾਲੀ ਸਿੰਥੇਟਿਕ ਐਪਰਚਰ ਰਾਡਾਰ ਹੁੰਦਾ ਹੈ, ਜਿਸ ਦਾ ਇਸਤੇਮਾਲ ਲਾਪਤਾ ਜਹਾਜ਼ ਨੂੰ ਲੱਭਣ ਲਈ ਕੀਤਾ ਜਾਵੇਗਾ। ਓਧਰ ਹਵਾਈ ਫੌਜ ਨੇ ਕਿਹਾ ਕਿ ਹਾਦਸੇ ਦੀ ਸੰਭਾਵਿਤ ਥਾਂ ਬਾਰੇ ਕੁਝ ਗਰਾਊਂਡ ਰਿਪੋਰਟ ਮਿਲੀ ਹੈ। ਹੈਲੀਕਾਪਟਰਾਂ ਨੂੰ ਉਸ ਵੱਲ ਭੇਜਿਆ ਗਿਆ ਹੈ। ਹਾਲਾਂਕਿ ਅਜੇ ਤਕ ਕੋਈ ਮਲਬਾ ਨਜ਼ਰ ਨਹੀਂ ਆਇਆ। ਹਵਾਈ ਫੌਜ ਨੇ ਲਾਪਤਾ ਜਹਾਜ਼ ਦਾ ਪਤਾ ਲਾਉਣ ਲਈ ਦੋ ਐੱਮ. ਆਈ-17 ਹੈਲੀਕਾਪਟਰਾਂ ਦੇ ਨਾਲ ਹੀ ਸੀ-130ਜੇ ਅਤੇ ਸੀ-130 ਸਪੈਸ਼ਲ ਆਪਰੇਸ਼ਨ ਏਅਰਕ੍ਰਾਫਟ ਨੂੰ ਖੋਜ ਮੁਹਿੰਮ ਵਿਚ ਲਾਇਆ ਹੈ।
