4 ਦਿਨਾਂ ਤੋਂ ਲਾਪਤਾ ਸੀ ਬਿਊਟੀਸ਼ੀਅਨ, ਟੋਏ 'ਚੋਂ ਮਿਲੀ ਟੋਟੇ-ਟੋਟੇ ਹੋਈ ਲਾ*ਸ਼, ਮੁਲਜ਼ਮ ਦੀ ਪਤਨੀ ਨੇ ਹੀ ਖੋਲ੍ਹ'ਤਾ ਭੇਦ
Sunday, Nov 03, 2024 - 12:56 AM (IST)
ਜੋਧਪੁਰ- ਰਾਜਸਥਾਨ ਦੇ ਜੋਧਪੁਰ 'ਚ ਇਕ ਅਜਿਹੀ ਖੌਫਨਾਕ ਘਟਨਾ ਸਾਹਮਣੇ ਆਈ ਹੈ, ਜਿਸ ਨੇ ਲੋਕ ਹਿਲਾ ਕੇ ਰੱਖ ਦਿੱਤੇ ਹਨ। ਅਨੀਤਾ ਚੌਧਰੀ ਨਾਂ ਦੀ 50 ਸਾਲਾ ਔਰਤ ਜੋ ਕਿ ਦੋ ਦਿਨ ਪਹਿਲਾਂ ਲਾਪਤਾ ਹੋ ਗਈ ਸੀ। ਪੁਲਸ ਨੂੰ ਉਸ ਦੀ ਲਾਸ਼ 6 ਟੁਕੜਿਆਂ ਵਿੱਚ ਮਿਲੀ। ਮੁਲਜ਼ਮ ਦੇ ਘਰ ਦੇ ਨੇੜੇ ਡੂੰਘੇ ਟੋਏ ਵਿੱਚ ਲਾਸ਼ ਦੇ ਅੰਗ ਪਲਾਸਟਿਕ ਦੇ ਥੈਲਿਆਂ ਵਿੱਚ ਪਾ ਕੇ ਦੱਬੇ ਹੋਏ ਮਿਲੇ ਹਨ। ਪੁਲਸ ਨੂੰ ਸ਼ੱਕ ਸੀ ਕਿ ਇਸ ਘਟਨਾ ਪਿੱਛੇ ਗੁਲ ਮੁਹੰਮਦ ਨਾਂ ਦੇ ਵਿਅਕਤੀ ਦਾ ਹੱਥ ਹੋ ਸਕਦਾ ਹੈ, ਜਿਸ ਦੀ ਭਾਲ ਜਾਰੀ ਹੈ।
ਪਤਨੀ ਨੇ ਕੀਤਾ ਕਤਲ ਦਾ ਖੁਲਾਸਾ
ਦੱਸ ਦੇਈਏ ਕਿ 27 ਅਕਤੂਬਰ ਨੂੰ ਅਨੀਤਾ ਚੌਧਰੀ ਦੇ ਲਾਪਤਾ ਹੋਣ ਦੀ ਰਿਪੋਰਟ ਉਸ ਦੇ ਪਤੀ ਮਨਮੋਹਨ ਚੌਧਰੀ ਨੇ ਸਰਦਾਰਪੁਰਾ ਥਾਣੇ ਵਿੱਚ ਦਰਜ ਕਰਵਾਈ ਸੀ। ਜਾਂਚ ਦੌਰਾਨ ਪੁਲਸ ਨੂੰ ਅਨੀਤਾ ਦੇ ਫੋਨ ਤੋਂ ਗੁਲ ਮੁਹੰਮਦ ਨਾਂ ਦੇ ਵਿਅਕਤੀ ਦੇ ਸੰਪਰਕ 'ਚ ਆਉਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲਸ ਨੇ ਗੰਗਾਨਾ ਪਿੰਡ 'ਚ ਦੋਸ਼ੀ ਦੇ ਘਰ ਦੀ ਜਾਂਚ ਕੀਤੀ। ਪੁੱਛਗਿੱਛ ਦੌਰਾਨ ਗੁਲ ਮੁਹੰਮਦ ਦੀ ਪਤਨੀ ਨੇ ਪਹਿਲਾਂ ਤਾਂ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਉਸ ਨੇ ਦੱਸਿਆ ਕਿ ਉਸ ਦੇ ਪਤੀ ਨੇ ਹੀ ਅਨੀਤਾ ਦਾ ਕਤਲ ਕਰਕੇ ਲਾਸ਼ ਘਰ ਦੇ ਪਿੱਛੇ ਦੱਬ ਦਿੱਤੀ ਹੈ।
12 ਫੁੱਟ ਡੂੰਘੇ ਟੋਏ 'ਚ ਮਿਲੀ ਲਾਸ਼
ਏਡੀਸੀਪੀ ਨਿਸ਼ਾਂਤ ਭਾਰਦਵਾਜ ਦੀ ਅਗਵਾਈ ਵਿੱਚ ਪੁਲੀਸ ਟੀਮ ਨੇ ਜੇਸੀਬੀ ਦੀ ਮਦਦ ਨਾਲ 12 ਫੁੱਟ ਡੂੰਘਾ ਟੋਆ ਪੁੱਟਿਆ, ਜਿਸ ਵਿੱਚ ਪਲਾਸਟਿਕ ਦੇ ਥੈਲਿਆਂ ਵਿੱਚ ਲਾਸ਼ ਦੇ ਅੰਗ ਬਰਾਮਦ ਹੋਏ। ਜਾਂਚ 'ਚ ਪਤਾ ਲੱਗਾ ਕਿ ਲਾਸ਼ ਦੇ ਛੇ ਹਿੱਸਿਆਂ 'ਚ ਕੱਟੇ ਹੋਏ ਸਨ। ਲਾਸ਼ ਨੂੰ ਪੋਸਟਮਾਰਟਮ ਲਈ ਏਮਜ਼ ਦੇ ਮੁਰਦਾ ਘਰ ਭੇਜ ਦਿੱਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ
ਸਰਦਾਰਪੁਰਾ ਬੀ ਰੋਡ 'ਤੇ ਸਥਿਤ ਅਗਰਵਾਲ ਟਾਵਰ 'ਚ ਅਨੀਤਾ ਚੌਧਰੀ ਆਪਣਾ ਬਿਊਟੀ ਪਾਰਲਰ ਚਲਾਉਂਦੀ ਸੀ, ਜਦਕਿ ਦੋਸ਼ੀ ਗੁਲ ਮੁਹੰਮਦ ਦੀ ਦੁਕਾਨ ਵੀ ਇਸੇ ਟਾਵਰ 'ਚ ਸੀ, ਜਿਸ ਕਾਰਨ ਦੋਹਾਂ ਦੀ ਜਾਣ-ਪਛਾਣ ਹੋ ਗਈ। 28 ਅਕਤੂਬਰ ਨੂੰ ਅਨੀਤਾ ਆਖਰੀ ਵਾਰ ਆਪਣੇ ਬਿਊਟੀ ਪਾਰਲਰ ਤੋਂ ਨਿਕਲੀ, ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਈ। ਇਸ ਤੋਂ ਬਾਅਦ ਉਸ ਦੇ ਪਤੀ ਮਨਮੋਹਨ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਸੀਸੀਟੀਵੀ ਫੁਟੇਜ ਵਿੱਚ ਅਨੀਤਾ ਇੱਕ ਆਟੋ ਵਿੱਚ ਜਾਂਦੀ ਦਿਖਾਈ ਦੇ ਰਹੀ ਸੀ, ਜਿਸ ਦੇ ਆਟੋ ਚਾਲਕ ਨੇ ਗੰਗਾਨਾ ਪਿੰਡ ਪਹੁੰਚਣ ਦੀ ਸੂਚਨਾ ਪੁਲਸ ਨੂੰ ਦਿੱਤੀ।
ਦੋਸ਼ੀ ਦੀ ਭਾਲ ਜਾਰੀ
ਪੁਲਸ ਨੇ ਮੁਲਜ਼ਮ ਦੀ ਪਤਨੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਗੁਲ ਮੁਹੰਮਦ ਦੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਕਤਲ ਦੀ ਪਹਿਲਾਂ ਤੋਂ ਯੋਜਨਾ ਬਣਾਈ ਗਈ ਸੀ ਕਿਉਂਕਿ ਦੋਸ਼ੀ ਨੇ ਆਪਣੇ ਘਰ ਦੇ ਕੋਲ ਪਹਿਲਾਂ ਹੀ ਟੋਆ ਪੁੱਟਿਆ ਹੋਇਆ ਸੀ। ਅਨੀਤਾ ਦੇ ਬੇਟੇ ਦਾ ਦੋਸ਼ ਹੈ ਕਿ ਗੁਲ ਮੁਹੰਮਦ ਨੇ ਉਸ ਦੀ ਮਾਂ ਨੂੰ ਧੋਖਾ ਦੇ ਕੇ ਕਤਲ ਕੀਤਾ ਹੈ। ਪੁਲਸ ਹੁਣ ਦੋਸ਼ੀਆਂ ਦੀ ਭਾਲ 'ਚ ਜੋਧਪੁਰ ਦੇ ਵੱਖ-ਵੱਖ ਇਲਾਕਿਆਂ 'ਚ ਛਾਪੇਮਾਰੀ ਕਰ ਰਹੀ ਹੈ।