ਪਾਕਿਸਤਾਨ ਦੀ ਜੇਲ੍ਹ 'ਚ ਬੰਦ ਹੈ ਆਸਾਮ ਤੋਂ ਲਾਪਤਾ ਹੋਈ ਔਰਤ ਤੇ ਉਸ ਦਾ ਪੁੱਤਰ, ਜਾਣੋ ਪੂਰਾ ਮਾਮਲਾ

01/06/2023 2:20:04 PM

ਨਾਗਾਓਂ (ਭਾਸ਼ਾ)- ਆਸਾਮ ਦੇ ਨਾਗਾਓਂ ਤੋਂ ਪਿਛਲੇ ਸਾਲ ਨਵੰਬਰ 'ਚ ਲਾਪਤਾ ਹੋਈ ਇਕ ਔਰਤ ਅਤੇ ਉਸ ਦੇ ਨਾਬਾਲਗ ਪੁੱਤਰ ਨੂੰ ਪਾਕਿਸਤਾਨ 'ਚ ਬਿਨਾਂ ਜਾਇਜ਼ ਦਸਤਾਵੇਜ਼ਾਂ ਦੇ ਦਾਖ਼ਲ ਹੋਣ ਦੇ ਦੋਸ਼ 'ਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਨਾਗਾਓਂ ਪੁਲਸ ਅਤੇ ਪੀੜਤ ਔਰਤ ਦੇ ਰਿਸ਼ਤੇਦਾਰਾਂ ਨੇ ਇਹ ਦਾਅਵਾ ਕੀਤਾ ਹੈ। ਮਹਿਲਾ ਦੀ ਮਾਂ ਅਜੀਫਾ ਖਾਤੂਨ ਨੇ ਨਾਗਾਓਂ ਥਾਣੇ 'ਚ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਹੈ ਕਿ ਉਸ ਦੇ ਜਵਾਈ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀ ਧੀ ਅਤੇ ਨਾਬਾਲਗ ਪੋਤਾ 26 ਨਵੰਬਰ 2022 ਤੋਂ ਲਾਪਤਾ ਹਨ। ਖਾਤੂਨ ਦੇ ਅਨੁਸਾਰ ਦਸੰਬਰ 2022 'ਚ ਉਸ ਨੂੰ ਪਾਕਿਸਤਾਨ ਦੀ ਇਕ ਲਾਅ ਫਰਮ ਤੋਂ ਇਕ ਪੱਤਰ ਮਿਲਿਆ, ਜਿਸ 'ਚ ਕਿਹਾ ਗਿਆ ਸੀ ਕਿ ਉਸ ਦੀ ਧੀ ਅਤੇ ਦੋਹਤੇ ਨੂੰ ਜਾਇਜ਼ ਯਾਤਰਾ ਦਸਤਾਵੇਜ਼ਾਂ ਤੋਂ ਬਿਨਾਂ ਸਰਹੱਦ ਪਾਰ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਦੋਵੇਂ ਕਵੇਟਾ ਜ਼ਿਲ੍ਹਾ ਜੇਲ੍ਹ 'ਚ ਬੰਦ ਹਨ। ਖਾਤੂਨ ਮੁਤਾਬਕ ਉਸ ਦੀ ਧੀ ਆਪਣੇ ਸਹੁਰੇ ਦੀ ਜਾਇਦਾਦ ਵੇਚ ਕੇ ਇਕ ਨੌਜਵਾਨ ਨਾਲ ਪਾਕਿਸਤਾਨ ਚਲੀ ਗਈ ਸੀ।

ਖਾਤੂਨ ਨੇ ਧੀ ਨੂੰ ਵਾਪਸ ਲਿਆਉਣ ਲਈ ਪੁਲਸ ਨਾਲ ਕੀਤਾ ਸੰਪਰਕ

ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਅਫ਼ਗਾਨ ਨਾਗਰਿਕ ਹੈ ਅਤੇ ਪਾਕਿਸਤਾਨ 'ਚ ਉਸ ਨੂੰ ਵੀ ਗ੍ਰਿਫ਼ਤਾਰ ਕਰ ਕੇ ਕਵੇਟਾ ਜ਼ਿਲ੍ਹਾ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਹੈ। ਖਾਤੂਨ ਨੇ ਕਿਹਾ ਕਿ ਉਸ ਨੇ ਆਪਣੀ ਧੀ ਨੂੰ ਪਾਕਿਸਤਾਨ ਤੋਂ ਭਾਰਤ ਵਾਪਸ ਲਿਆਉਣ ਅਤੇ ਨਾਗਾਓਂ 'ਚ ਉਸ ਦੇ ਪਰਿਵਾਰ ਨੂੰ ਸੌਂਪਣ ਲਈ ਪੁਲਸ ਨਾਲ ਸੰਪਰਕ ਕੀਤਾ ਹੈ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਮਾਮਲਾ 2 ਦੇਸ਼ਾਂ ਨਾਲ ਸਬੰਧਤ ਹੈ ਅਤੇ ਇਸ ਬਾਰੇ ‘ਉਚਿਤ ਪੱਧਰ’ ‘ਤੇ ਹੀ ਫ਼ੈਸਲਾ ਲਿਆ ਜਾ ਸਕਦਾ ਹੈ, ਇਸ ਲਈ ਇਸ ਨੂੰ ਉੱਚ ਅਧਿਕਾਰੀਆਂ ਕੋਲ ਭੇਜ ਦਿੱਤਾ ਗਿਆ ਹੈ। ਖਾਤੂਨ ਨੇ ਦਾਅਵਾ ਕੀਤਾ ਕਿ ਉਸ ਨੇ ਪਾਕਿਸਤਾਨੀ ਦੂਤਘਰ ਨੂੰ ਆਪਣੀ ਧੀ ਅਤੇ ਦੋਹਤੇ ਦੀ ਘਰ ਵਾਪਸੀ 'ਚ ਮਦਦ ਕਰਨ ਲਈ ਲਿਖਿਆ ਸੀ ਪਰ ਕੋਈ ਜਵਾਬ ਨਹੀਂ ਮਿਲਿਆ। ਉਸ ਅਨੁਸਾਰ ਹੁਣ ਉਸ ਨੇ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਆਪਣੀ ਧੀ ਅਤੇ ਦੋਹਤੇ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਉਨ੍ਹਾਂ ਦੀ ਰਿਹਾਈ ਲਈ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਨ ਦਾ ਫ਼ੈਸਲਾ ਕੀਤਾ ਹੈ। ਖਾਤੂਨ ਨੇ ਕਿਹਾ ਕਿ ਉਸ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਵੀ ਪੱਤਰ ਲਿਖ ਕੇ ਪਾਕਿਸਤਾਨੀ ਦੂਤਘਰ ਦੇ ਹਾਈ ਕਮਿਸ਼ਨਰ ਨੂੰ ਇਸ ਮਾਮਲੇ 'ਚ ਜਵਾਬਦੇਹ ਬਣਾ ਕੇ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਵੀ ਮੰਗੀ ਹੈ।


DIsha

Content Editor

Related News