ਨੂਹ ਤੋਂ ਬਾਅਦ ਪਾਨੀਪਤ ''ਚ ਹੰਗਾਮਾ, ਤਿਰੰਗਾ ਯਾਤਰਾ ਦੌਰਾਨ ਡਾਂਗਾਂ-ਸੋਟੇ ਲੈ ਕੇ ਮਸੀਤ ''ਚ ਦਾਖ਼ਲ ਹੋਏ ਸ਼ਰਾਰਤੀ ਅਨਸਰ
Wednesday, Aug 16, 2023 - 06:13 PM (IST)
ਪਾਨੀਪਤ- ਹਰਿਆਣਾ ਦੇ ਪਾਨੀਪਤ 'ਚ ਸੁਤੰਤਰਤਾ ਵਿਦਸ ਮੌਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ। ਤਿਰੰਗਾ ਯਾਤਰਾ ਦੌਰਾਨ ਕੁਝ ਨੌਜਵਾਨਾਂ ਨੇ ਮਸੀਤ ਦੇ ਬਾਹਰ ਹੰਗਾਮਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਧਾਰਮਿਕ ਨਾਅਰੇਬਾਜ਼ੀ ਵੀ ਕੀਤੀ ਅਤੇ ਡੀ.ਜੇ. 'ਤੇ ਗਾਣੇ ਚਲਾਏ। ਦੋਸ਼ ਹੈ ਕਿ ਕੁਝ ਨੌਜਵਾਨ ਡਾਂਗਾਂ-ਸੋਟੇ ਲੈ ਕੇ ਮਸੀਤ ਦੇ ਅੰਦਰ ਦਾਖਲ ਹੋ ਗਏ।
ਮਸੀਤ ਦੇ ਬਾਹਰ ਹੰਗਾਮਾ ਕਰਨ ਦਾ ਦੋਸ਼ ਵਿਸ਼ਵ ਹਿੰਦੂ ਪਰੀਸ਼ਦ ਅਤੇ ਬਜਰੰਗ ਦਲ 'ਤੇ ਲੱਗਾ ਹੈ। ਜਿਸ ਮਸੀਤ ਦੇ ਬਾਹਰ ਹੰਗਾਮਾ ਹੋਇਆ, ਉਥੋਂ ਦੇ ਇਮਾਮ ਨੇ ਡੀ.ਜੀ.ਪੀ. ਨੂੰ ਚਿੱਠੀ ਲਿੱਖ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸਤੋਂ ਬਾਅਦ ਪੁਲਸ ਹਰਕਤ 'ਚ ਆਈ ਹੈ।
ਮਸੀਤ ਦੇ ਇਮਾਮ ਨੇ ਕਿਹਾ ਤਿ ਤੈਯਬ ਸੁਰੈਯਾ ਨੇ ਤਿਰੰਗਾ ਬਣਾਇਆ ਸੀ। ਇਸ ਤਿਰੰਗੇ 'ਤੇ ਸਾਡਾ ਬਰਾਬਰ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਸਵੇਰੇ 6 ਵਜੇ ਮਸੀਤ 'ਤੇ ਤਿਰੰਗਾ ਲਗਾ ਦਿੱਤਾ ਸੀ। ਅਸੀਂ ਆਪਣੇ ਸਿਰ 'ਤੇ ਤਿਰੰਗਾ ਬੰਨ੍ਹਣ ਲਈ ਤਿਆਰ ਹਾਂ। ਉਥੇ ਹੀ ਮਸੀਤ ਦੇ ਇਮਾਮ ਦੀ ਸ਼ਿਕਾਇਤ 'ਤੇ ਡੀ.ਜੀ.ਪੀ. ਨੇ ਕਿਹਾ ਕਿ ਅਸੀਂ ਮਾਹੌਲ ਨਹੀਂ ਵਿਗੜਨ ਦੇਵਾਂਗੇ। ਪੁਲਸ ਗੁੰਡਾਗਰਦੀ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਏਗੀ। ਮਸੀਤ ਦੇ ਬਾਰ ਸੁਰੱਖਿਆ ਨੂੰ ਦੇਖਦੇ ਹੋਏ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।
ਨੂਹ ਤੋਂ ਗੁਰੂਗ੍ਰਾਮ ਤਕ ਫੈਲੀ ਸੀ ਹਿੰਸਾ
ਹਰਿਆਣਾ ਦੇ ਮੇਵਾਤ-ਨੂਹ 'ਚ 31 ਜੁਲਾਈ ਨੂੰ ਬ੍ਰਿਜਮੰਡਲ ਯਾਤਰਾ ਕੱਢੀ ਗਈ ਸੀ। ਇਸੇ ਦੌਰਾਨ ਯਾਤਰਾ 'ਤੇ ਪਥਰਾਅ ਹੋ ਗਿਆ ਸੀ। ਦੇਖਦੇ ਹੀ ਦੇਖਦੇ ਇਹ ਦੋ ਭਾਈਚਾਰਿਆਂ ਦੀ ਹਿੰਸਾ 'ਚ ਬਦਲ ਗਈ। ਸੈਕੜੇ ਕਾਰਾਂ ਨੂੰ ਅੱਗ ਲਗਾ ਦਿੱਤੀ ਗਈ। ਸਾਈਬਰ ਥਾਣੇ 'ਤੇ ਵੀ ਹਮਲਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੁਲਸ ਮੁਲਾਜ਼ਮਾਂ 'ਤੇ ਵੀ ਹਮਲਾ ਕੀਤਾ ਸੀ। ਨੂਹ ਤੋਂ ਬਾਅਦ ਸੋਹਨਾ 'ਚ ਵੀ ਪਥਰਾਅ ਅਤੇ ਫਾਈਰਿੰਗ ਹੋਈ। ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸਤੋਂ ਬਾਅਦ ਹਿੰਸਾ ਦੀ ਅੱਗ ਨੂਹ ਤੋਂ ਫਰੀਦਾਬਾਦ-ਗੁਰੂਗ੍ਰਾਮ ਤਕ ਫੈਲ ਗਈ। ਨੂਹ ਹਿੰਸਾ 'ਚ ਦੋ ਹੋਮਗਾਰਡ ਸਣੇ 6 ਲੋਕਾਂ ਦੀ ਮੌਤ ਹੋ ਗਈ ਸੀ। ਇਸਤੋਂ ਬਾਅਦ ਨੂਹ, ਫਰੀਦਾਬਾਦ, ਪਲਵਲ ਸਣੇ ਕਈ ਥਾਵਾਂ 'ਤੇ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਸੀ। ਇਸਤੋਂ ਇਲਾਵਾ ਨੂਹ 'ਚ ਕਰਫਿਊ ਲਗਾਇਆ ਗਿਆ ਸੀ।