''ਸਰੀਰਕ ਸਬੰਧ ਬਣਾਓ ਨਹੀਂ ਤਾਂ ਫੇਲ੍ਹ ਕਰ ਦਿਆਂਗਾ...'', ਹਵਸੀ ਅਧਿਆਪਕ ਦੀ ਕਾਲੀ ਕਰਤੂਤ
Sunday, Apr 20, 2025 - 06:01 PM (IST)

ਜੰਮੂ- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਇਕ ਨਾਬਾਲਗ ਵਿਦਿਆਰਥਣ ਨੂੰ ਸਰੀਰਕ ਸਬੰਧ ਬਣਾਉਣ ਦੀ ਪੇਸ਼ਕਸ਼ ਕਰਨ ਅਤੇ ਅਜਿਹਾ ਨਾ ਕਰਨ 'ਤੇ ਉਸ ਨੂੰ ਇੰਟਰਨਲ ਪ੍ਰੀਖਿਆ 'ਚੋਂ ਫੇਲ੍ਹ ਕਰਨ ਦੀ ਧਮਕੀ ਦੇਣ ਦੇ ਦੋਸ਼ 'ਚ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਹਾਇਰ ਸੈਕੰਡਰੀ ਸਕੂਲ, ਭੱਦਰਵਾਹ ਵਿਖੇ ਤਾਇਨਾਤ ਅਧਿਆਪਕ ਵਿਰੁੱਧ 16 ਅਪ੍ਰੈਲ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਦੇ ਆਧਾਰ 'ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਬੁਲਾਰੇ ਮੁਤਾਬਕ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਦੋਸ਼ੀ ਅਧਿਆਪਕ ਨੇ ਵਿਦਿਆਰਥਣ ਨੂੰ ਸੁਨੇਹੇ ਭੇਜ ਕੇ ਸਰੀਰਕ ਸੰਬੰਧਾਂ ਦੇ ਬਦਲੇ ਪੰਜਾਬ ਦੇ ਇਕ ਕਾਲਜ 'ਚ ਮੈਡੀਕਲ ਕੋਰਸ 'ਚ ਦਾਖਲਾ ਦਿਵਾਉਣ 'ਚ ਮਦਦ ਕਰਨ ਦੀ ਪੇਸ਼ਕਸ਼ ਕੀਤੀ। ਦੋਸ਼ੀ ਅਧਿਆਪਕ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਵੀ ਕੁਝ ਹੋਰ ਕੁੜੀਆਂ ਨਾਲ ਅਜਿਹਾ ਹੀ ਕਰ ਚੁੱਕਾ ਹੈ। ਉਸ ਨੇ ਵਿਦਿਆਰਥਣ ਨੂੰ ਧਮਕੀ ਦਿੱਤੀ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸੇ ਨਹੀਂ ਤਾਂ ਪ੍ਰੀਖਿਆ ਵਿਚ ਫੇਲ੍ਹ ਕਰ ਦੇਵੇਗਾ। ਬੁਲਾਰੇ ਮੁਤਾਬਕ ਦੋਸ਼ੀ ਖਿਲਾਫ਼ ਭਦਰਵਾਹ ਪੁਲਸ ਥਾਣੇ ਵਿਚ ਭਾਰਤੀ ਨਿਆਂ ਸੰਹਿਤਾ (BNS) ਅਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਆਪਕ ਨੂੰ ਅੱਗੇ ਦੀ ਜਾਂਚ ਲਈ ਹਿਰਾਸਤ ਵਿਚ ਲਿਆ ਗਿਆ ਹੈ।