ਸਿਹਤ ਮੰਤਰਾਲਾ ਦਾ ਸੂਬਿਆਂ ਨੂੰ ਨਿਰਦੇਸ਼- ਕੋਰੋਨਾ ਮਰੀਜ਼ਾਂ ਲਈ ਬਣਾਏ ਜਾਣ ਵੱਖਰੇ ਹਸਪਤਾਲ
Sunday, Mar 29, 2020 - 04:52 PM (IST)
ਨਵੀਂ ਦਿੱਲੀ— ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਵਧ ਰਹੇ ਹਨ, ਜਿਸ ਨੂੰ ਲੈ ਕੇ ਕੇਂਦਰੀ ਸਿਹਤ ਮੰਤਰਾਲਾ ਗੰਭੀਰ ਹੈ। ਸਿਹਤ ਮੰਤਰਾਲਾ ਨੇ ਅੱਜ ਪ੍ਰੈੱਸ ਕਾਨਫਰੰਸ ਜ਼ਰੀਏ ਸੂਬਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਕੋਰੋਨਾ ਦੇ ਮਰੀਜ਼ਾਂ ਲਈ ਵੱਖਰੇ ਹਸਪਤਾਲ ਬਣਾਉਣ, ਤਾਂ ਕਿ ਕੋਰੋਨਾ ਮਰੀਜ਼ਾਂ ਤੋਂ ਦੂਜੇ ਮਰੀਜ਼ਾਂ ਨੂੰ ਇਨਫੈਕਸ਼ਨ ਨਾ ਹੋ ਸਕੇ। ਇਸ ਦੇ ਨਾਲ ਹੀ ਮੰਤਰਾਲਾ ਨੇ ਸੂਬਿਆਂ ਨੂੰ ਬੈੱਡ ਵਧਾਉਣ ਲਈ ਕਿਹਾ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਵਾਇਰਸ ਤੋਂ ਲੜਨ ਲਈ ਵਿਦੇਸ਼ ਤੋਂ ਉਪਕਰਨ ਮੰਗਵਾਏ ਗਏ ਹਨ। 10 ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ 'ਤੇ 24 ਘੰਟੇ ਸਾਡੀ ਨਜ਼ਰ ਹੈ, ਜਿੱਥੇ ਸਮੱਸਿਆਵਾਂ ਆ ਰਹੀਆਂ ਹਨ, ਉੱਥੇ ਹੱਲ ਕੱਢਿਆ ਜਾ ਰਿਹਾ ਹੈ। ਵਾਇਰਸ ਨਾਲ ਇਨਫੈਕਟਿਡ ਮਰੀਜ਼ਾਂ ਦੀ ਜਾਂਚ ਲਈ ਅਜੇ ਤਕ 113 ਲੈਬ ਬਣਾਈਆਂ ਗਈਆਂ ਹਨ।
ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਹੁਣ ਤਕ 35 ਹਜ਼ਾਰ ਟੈਸਟ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ 979 ਹੋ ਗਏ ਹਨ ਅਤੇ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲਾ ਮੁਤਾਬਕ 24 ਘੰਟਿਆਂ ਦੇ ਅੰਦਰ 106 ਨਵੇਂ ਪਾਜੀਟਿਵ ਕੇਸ ਅਤੇ 6 ਲੋਕਾਂ ਦੀ ਮੌਤ ਦੀ ਰਿਪੋਰਟ ਸਾਹਮਣੇ ਆਈ ਹੈ।