PM ਮੋਦੀ ਦੇ ਕੰਮਾਂ ’ਤੇ ਭਾਜਪਾਈਆਂ ਦਾ ਓਵਰ ਕਾਨਫੀਡੈਂਸ ਪਹੁੰਚਾ ਰਿਹੈ ਨੁਕਸਾਨ, ਸੰਜੇ ਨਿਸ਼ਾਦ ਨੇ ਲਾਇਆ ਵੱਡਾ ਦੋਸ਼

Thursday, Aug 22, 2024 - 11:07 PM (IST)

ਜਲੰਧਰ, (ਵਿਸ਼ੇਸ਼)– ਹੁਣੇ ਜਿਹੇ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਉੱਤਰ ਪ੍ਰਦੇਸ਼ ’ਚ ਸਰਕਾਰ ਅਤੇ ਸਰਕਾਰ ਤੋਂ ਬਾਹਰ ਭਾਜਪਾ ਵਿਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਪਾਰਟੀ ਅੰਦਰ ਲਗਾਤਾਰ ਖਿੱਚੋਤਾਣ ਚੱਲ ਰਹੀ ਹੈ, ਜਿਸ ਕਾਰਨ ਪਾਰਟੀ ਨੂੰ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਵਿਚਾਲੇ ਚੱਲ ਰਹੀ ਖਿੱਚੋਤਾਣ ਅਜੇ ਖਤਮ ਨਹੀਂ ਹੋਈ ਸੀ ਕਿ ਭਾਜਪਾ ਦੀ ਸਹਿਯੋਗੀ ਪਾਰਟੀ ਦੇ ਨੇਤਾ ਸੰਜੇ ਨਿਸ਼ਾਦ ਨੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ।

ਉਨ੍ਹਾਂ ਹੁਣੇ ਜਿਹੇ ਇਕ ਮੀਡੀਆ ਇੰਟਰਵਿਊ ਦੌਰਾਨ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਕੰਮਾਂ ’ਤੇ ਭਾਜਪਾ ਦਾ ਓਵਰ ਕਾਨਫੀਡੈਂਸ ਉਸ ਨੂੰ ਲੈ ਡੁੱਬਿਆ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਜਨਤਾ ਦੇ ਕੰਮਾਂ ਨੂੰ ਪੂਰਾ ਕਰਨ ’ਚ ਅਸਫਲ ਰਹੀ, ਜਿਸ ਕਾਰਨ ਪਾਰਟੀ ਦਾ ਗ੍ਰਾਫ ਹੇਠਾਂ ਡਿੱਗਿਆ ਹੈ।

ਸਹਿਯੋਗੀ ਪਾਰਟੀ ਦੇ ਨੇਤਾ ਸੰਜੇ ਨਿਸ਼ਾਦ ਦਾ ਭਾਜਪਾ ’ਤੇ ਵੱਡਾ ਹਮਲਾ

ਉੱਤਰ ਪ੍ਰਦੇਸ਼ ਸਰਕਾਰ ’ਚ ਮੰਤਰੀ ਸੰਜੇ ਨਿਸ਼ਾਦ ਨੇ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਦੇ ਭਾਈਚਾਰੇ ਦੇ ਲੋਕ ਭਾਜਪਾ ਦੇ ਨਾਲ ਚੱਲੇ ਪਰ ਹੁਣ ਉਹ ਆਪਣੇ ਭਾਈਚਾਰੇ ਦੇ ਲੋਕਾਂ ਦੇ ਕੰਮ ਨਹੀਂ ਕਰਵਾ ਰਹੇ, ਜਿਸ ਕਾਰਨ ਉਨ੍ਹਾਂ ਵਿਚ ਰੋਸ ਵਧ ਰਿਹਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਉਹ ਲੋਕਾਂ ਦੇ ਮਸਲਿਆਂ ਨੂੰ ਮਜ਼ਬੂਤੀ ਨਾਲ ਹੱਲ ਕਰਨਾ ਚਾਹੁੰਦੇ ਹਨ ਪਰ ਉਹ ਇਸ ਸਿਸਟਮ ਦੇ ਮਜਬੂਰ ਨੇਤਾ ਹਨ। ਇੰਟਰਵਿਊ ਦੌਰਾਨ ਸੰਜੇ ਨਿਸ਼ਾਦ ਨੇ ਕਿਹਾ ਕਿ ਸੂਬੇ ਦੇ ਸਾਰੇ ਅਧਿਕਾਰੀ ਸਿੱਧੇ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਹੋਏ ਹਨ। ਪੋਸਟਿੰਗ ਤੋਂ ਲੈ ਕੇ ਟਰਾਂਸਫਰ ਤਕ, ਸਭ ਕੁੱਝ ਉੱਥੋਂ ਹੀ ਹੁੰਦਾ ਹੈ, ਜਿਸ ਕਾਰਨ ਸੂਬੇ ਵਿਚ ਮੰਤਰੀਆਂ ਦੀ ਵੈਲਿਊ ਖਤਮ ਹੋ ਗਈ ਹੈ। ਇਕ ਸਮਾਂ ਇਹ ਵੀ ਸੀ ਜਦੋਂ ਕੋਈ ਅਧਿਕਾਰੀ ਕੰਮ ਨਹੀਂ ਕਰਦਾ ਸੀ ਤਾਂ ਮੰਤਰੀ ਸਰਕਾਰ ਨੂੰ ਚਿੱਠੀ ਲਿਖਦਾ ਸੀ ਅਤੇ ਉਸ ਤੋਂ ਬਾਅਦ ਉਸ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਜਾਂਦਾ ਸੀ। ਉਸ ਦੌਰ ’ਚ ਅਧਿਕਾਰੀਆਂ ਨੇ ਲੋਕ ਨੁਮਾਇੰਦਿਆਂ ਤੋਂ ਡਰ ਕੇ ਕੰਮ ਕੀਤਾ ਪਰ ਹੁਣ ਉਹ ਸਿਸਟਮ ਨਹੀਂ ਰਿਹਾ, ਜਿਸ ਕਾਰਨ ਨੁਕਸਾਨ ਹੋ ਰਿਹਾ ਹੈ।

ਕੁਝ ਅਧਿਕਾਰੀ ਕਰ ਰਹੇ ਸਰਕਾਰ ਦਾ ਵੋਟ ਬੈਂਕ ਖਰਾਬ

ਸੰਜੇ ਨਿਸ਼ਾਦ ਨੇ ਇਹ ਵੀ ਕਿਹਾ ਕਿ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਕਮੀਆਂ ਨੂੰ ਸੁਧਾਰਨ ’ਚ ਲੱਗੇ ਹੋਏ ਹਨ, ਜਿਸ ਤਹਿਤ ਪੁਲਸ ਚੌਕੀ ਨੂੰ ਮੁਅੱਤਲ ਕਰਨਾ, ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ ਕਰਨਾ ਪ੍ਰਮੁੱਖ ਹੈ ਪਰ ਇਸ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਕੁਝ ਅਜਿਹੇ ਅਧਿਕਾਰੀ ਹਨ, ਜੋ ਸਰਕਾਰ ਦੇ ਵੋਟ ਬੈਂਕ ਨੂੰ ਖਰਾਬ ਕਰ ਰਹੇ ਹਨ ਪਰ ਇਨ੍ਹਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਦਾ ਖਮਿਆਜ਼ਾ ਭਾਜਪਾ ਤੇ ਸੂਬਾ ਸਰਕਾਰ ਨੂੰ ਭੁਗਤਣਾ ਪੈ ਰਿਹਾ ਹੈ।


Rakesh

Content Editor

Related News