ਰੱਖਿਆ ਮੰਤਰੀ ਨੇ 173 ਤੱਟਵਰਤੀ ਅਤੇ ਸਰਹੱਦੀ ਜ਼ਿਲ੍ਹਿਆਂ ਤੱਕ NCC ਦੇ ਵਿਸਥਾਰ ਨੂੰ ਮਨਜ਼ੂਰੀ ਦਿੱਤੀ

08/16/2020 2:29:09 PM

ਨਵੀਂ ਦਿੱਲੀ- ਰਾਸ਼ਟਰੀ ਕੈਡੇਟ ਕੋਰ (ਐੱਨ.ਸੀ.ਸੀ.) ਦੇ ਦਾਇਰੇ ਨੂੰ 173 ਸਰਹੱਦੀ ਅਤੇ ਤੱਟਵਰਤੀ ਜ਼ਿਲ੍ਹਿਆਂ ਤੱਕ ਵਧਾਉਣ ਦੇ ਪ੍ਰਸਤਾਵ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਅਧੀਨ ਇਕ ਲੱਖ ਨਵੇਂ ਕੈਟੇਡ ਦੀ ਭਰਤੀ ਕੀਤੀ ਜਾਵੇਗੀ। ਇਕ ਅਧਿਕਾਰਤ ਬਿਆਨ ਦੇ ਮਾਧਿਅਮ ਨਾਲ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਜ਼ਾਦੀ ਦਿਵਸ ਮੌਕੇ ਦਿੱਤੇ ਗਏ ਸੰਬੋਧਨ 'ਚ ਐੱਨ.ਸੀ.ਸੀ. ਨੂੰ ਵਿਸਥਾਰ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਤੱਟਵਰਤੀ ਅਤੇ ਸਰਹੱਦੀ ਜ਼ਿਲ੍ਹਿਆਂ ਤੱਕ ਐੱਨ.ਸੀ.ਸੀ. ਦਾ ਵਿਸਥਾਰ ਕੀਤਾ ਜਾਵੇਗਾ, ਜਿਸ ਨਾਲ ਇਨ੍ਹਾਂ ਖੇਤਰਾਂ ਨੂੰ ''ਆਫ਼ਤ ਨਾਲ ਮੁਕਾਬਲਾ ਕਰਨ ਲਈ ਟਰੇਨਡ ਨੌਜਵਾਨ ਉਪਲੱਬਧ ਹੋਣਗੇ ਅਤੇ ਹਥਿਆਰਬੰਦ ਫੌਜਾਂ 'ਚ ਰੋਜ਼ਗਾਰ ਲਈ ਨੌਜਵਾਨਾਂ ਨੂੰ ਕੌਸ਼ਲ ਦਾ ਵੀ ਵਿਕਾਸ ਹੋਵੇਗਾ।''

ਰੱਖਿਆ ਮੰਤਰਾਲੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਰਾਜਨਾਥ ਸਿੰਘ ਨੇ ਵੱਡੇ ਪੱਧਰ 'ਤੇ ਵਿਸਥਾਰ ਦੀ ਯੋਜਨਾ ਲਈ ਐੱਨ.ਸੀ.ਸੀ. ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਬਿਆਨ 'ਚ ਕਿਹਾ ਗਿਆ,''ਤੱਟਵਰਤੀ ਅਤੇ ਸਰਹੱਦੀ ਖੇਤਰਾਂ 'ਚ ਇਕ ਹਜ਼ਾਰ ਤੋਂ ਵੱਧ ਸਕੂਲਾਂ ਅਤੇ ਕਾਲਜਾਂ ਨੂੰ ਚਿੰਨ੍ਹਿਤ ਕੀਤਾ ਗਿਆ ਹੈ, ਜਿੱਥੇ ਐੱਨ.ਸੀ.ਸੀ. ਦੀ ਸ਼ੁਰੂਆਤ ਕੀਤੀ ਜਾਵੇਗੀ।''

ਬਿਆਨ ਅਨੁਸਾਰ 173 ਤੱਟਵਰਤੀ ਅਤੇ ਸਰਹੱਦੀ ਜ਼ਿਲ੍ਹਿਆਂ ਤੋਂ ਕੁੱਲ ਇਕ ਲੱਖ ਕੈਡੇਟ ਐੱਨ.ਸੀ.ਸੀ. 'ਚ ਭਰਤੀ ਕੀਤੇ ਜਾਣਗੇ, ਜਿਨ੍ਹਾਂ 'ਚੋਂ ਇਕ ਤਿਹਾਈ ਗਿਣਤੀ ਕੁੜੀਆਂ ਦੀ ਹੋਵੇਗੀ। ਮੰਤਰਾਲੇ ਨੇ ਕਿਹਾ,''ਵਿਸਥਾਰ ਦੀ ਯੋਜਨਾ ਦੇ ਅਧੀਨ ਤੱਟਵਰਤੀ ਅਤੇ ਸਰਹੱਦੀ ਖੇਤਰਾਂ 'ਚ ਕੈਡੇਟ ਨੂੰ ਸਿਖਲਾਈ ਦੇਣ ਲਈ ਐੱਨ.ਸੀ.ਸੀ. ਦੀਆਂ 83 ਇਕਾਈਆਂ (ਫੌਜ ਦੀਆਂ 53, ਜਲ ਸੈਨਾ ਦੀਆਂ 20, ਹਵਾਈ ਫੌਜ ਦੀਆਂ 10) ਨੂੰ ਅਪਡੇਟ ਕੀਤਾ ਜਾਵੇਗਾ।'' ਬਿਆਨ 'ਚ ਕਿਹਾ ਗਿਆ ਕਿ ਸਰਹੱਦੀ ਖੇਤਰਾਂ 'ਚ ਸਥਿਤ ਐੱਨ.ਸੀ.ਸੀ. ਦੀਆਂ ਇਕਾਈਆਂ ਨੂੰ ਪ੍ਰਸ਼ਾਸਨਿਕ ਮਦਦ ਦੇਣ ਦਾ ਕੰਮ ਫੌਜ ਕਰੇਗੀ। ਤੱਟਵਰਤੀ ਖੇਤਰਾਂ 'ਚ ਇਹ ਕੰਮ ਜਲ ਸੈਨਾ ਕਰੇਗੀ ਅਤੇ ਹਵਾਈ ਫੌਜ ਸਟੇਸ਼ਨ ਦੇ ਨੇੜੇ ਸਥਿਤ ਐੱਨ.ਸੀ.ਸੀ. ਦੀਆਂ ਇਕਾਈਆਂ ਦੀ ਮਦਦ ਕਰਨ ਦਾ ਜ਼ਿੰਮਾ ਹਵਾਈ ਫੌਜ 'ਤੇ ਹੋਵੇਗਾ। ਮੰਤਰਾਲੇ ਨੇ ਕਿਹਾ ਕਿ ਐੱਨ.ਸੀ.ਸੀ. ਦੇ ਵਿਸਥਾਰ ਨੂੰ ਸੂਬਾ ਸਰਕਾਰਾਂ ਦੀ ਮਦਦ ਨਾਲ ਲਾਗੂ ਕੀਤਾ ਜਾਵੇਗਾ।


DIsha

Content Editor

Related News