ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਦਿੱਲੀ ਤੋਂ ਅੱਜ ਰਵਾਨਾ ਹੋਵੇਗੀ ਪਹਿਲੀ ''ਸਪੈਸ਼ਲ ਟਰੇਨ''
Thursday, May 07, 2020 - 11:00 AM (IST)
ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਦੀ ਵਜ੍ਹਾ ਤੋਂ ਲਾਗੂ ਕੀਤੇ ਗਏ ਦੇਸ਼ ਵਿਆਪੀ ਲਾਕਡਾਊਨ ਦਰਮਿਆਨ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਪਹਿਲੀ ਸਪੈਸ਼ਲ ਟਰੇਨ ਕਰੀਬ 1200 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਵੀਰਵਾਰ ਨੂੰ ਉਨ੍ਹਾਂ ਦੇ ਗ੍ਰਹਿ ਸੂਬੇ ਮੱਧ ਪ੍ਰਦੇਸ਼ ਰਵਾਨਾ ਹੋਵੇਗੀ। ਇਹ ਮਜ਼ਦੂਰ ਲਾਕਡਾਊਨ ਦੀ ਵਜ੍ਹਾ ਕਰ ਕੇ ਇੱਥੇ ਫਸੇ ਹੋਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਦੇ ਸ਼ੈਲਟਰ ਹੋਮ (ਆਸਰਾ ਘਰ) 'ਚ ਰਹਿ ਰਹੇ ਮੱਧ ਪ੍ਰਦੇਸ਼ ਦੇ ਕਰੀਬ 1200 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਇਹ ਟਰੇਨ ਉਨ੍ਹਾਂ ਦੇ ਗ੍ਰਹਿ ਸੂਬੇ ਰਵਾਨਾ ਹੋਵੇਗੀ। ਦੱਸ ਦੇਈਏ ਕਿ ਦਿੱਲੀ ਵਿਚ ਫਸੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਸੂਬੇ ਭੇਜਣ ਲਈ ਦਿੱਲੀ ਸਰਕਾਰ ਇਨ੍ਹਾਂ ਦੋਹਾਂ ਸੂਬਿਆਂ ਦੀਆਂ ਸਰਕਾਰਾਂ ਨਾਲ ਵੀ ਗੱਲਬਾਤ ਕਰ ਰਹੀ ਹੈ।
ਦੱਸਣਯੋਗ ਹੈ ਕਿ ਰੇਲਵੇ ਨੇ ਬੁੱਧਵਾਰ ਨੂੰ ਦੱਸਿਆ ਕਿ ਉਸ ਨੇ ਇਕ ਮਈ ਤੋਂ ਹੁਣ ਤੱਕ 140 ਮਜ਼ਦੂਰ ਸਪੈਸ਼ਲ ਟਰੇਨਾਂ ਚਲਾਈਆਂ ਹਨ, ਜਿਨ੍ਹਾਂ 'ਚ ਲਾਕਡਾਊਨ ਦੀ ਵਜ੍ਹਾ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਸੇ ਇਕ ਲੱਖ ਤੋਂ ਵਧੇਰੇ ਪ੍ਰਵਾਸੀਆਂ ਨੂੰ ਲਿਜਾਇਆ ਗਿਆ। ਰੇਲਵੇ ਨੇ ਕਿਹਾ ਕਿ ਬੁੱਧਵਾਰ ਨੂੰ ਚੱਲਣ ਵਾਲੀਆਂ 42 ਟਰੇਨਾਂ ਦੀ ਯੋਜਨਾ ਬਣਾਈ ਗਈ ਸੀ, ਉਸ ਤੋਂ ਬਾਅਦ ਵੀ 10 ਹੋਰ ਟਰੇਨਾਂ ਚੱਲਣਗੀਆਂ। ਰੇਲਵੇ ਨੇ ਮੰਗਲਵਾਰ ਰਾਤ ਤੱਕ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਲਾਗੂ ਕੀਤੇ ਗਏ ਲਾਕਡਾਊਨ ਕਾਰਨ ਕੰਮ ਵਾਲੀਆਂ ਥਾਵਾਂ 'ਤੇ ਫਸ ਗਏ ਪ੍ਰਵਾਸੀ ਮਜ਼ਦੂਰਾਂ ਲਈ 88 ਟਰੇਨਾਂ ਚਲਾਈਆਂ। ਇਹ ਪ੍ਰਵਾਸੀ ਮਜ਼ਦੂਰ ਲਾਕਡਾਊਨ ਕਾਰਨ ਕੰਮ ਵਾਲੀਆਂ ਥਾਵਾਂ 'ਤੇ ਫਸ ਗਏ ਸਨ। ਹਰੇਕ ਵਿਸ਼ੇਸ਼ ਟਰੇਨ ਵਿਚ 24 ਡੱਬੇ ਹਨ ਅਤੇ ਹਰ ਡੱਬੇ 'ਚ 72 ਸੀਟਾਂ ਹਨ ਪਰ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਦੇ ਨਿਯਮ ਦਾ ਪਾਲਣ ਹੋਵੇ, ਇਸ ਲਈ ਰੇਲਵੇ ਵਲੋਂ ਇਕ ਡੱਬੇ ਵਿਚ 54 ਯਾਤਰੀਆਂ ਨੂੰ ਬਿਠਾਇਆ ਜਾ ਰਿਹਾ ਹੈ।