ਯੂਕ੍ਰੇਨ ਤੋਂ ਘਰ ਪਰਤੀ ਮੇਘਾਲਿਆ ਦੀ ਵਿਦਿਆਰਥਣ, ਉੱਥੇ ਹਾਲੇ ਵੀ ਫਸੇ ਹਨ ਸੂਬੇ ਦੇ 16 ਵਿਦਿਆਰਥੀ
Tuesday, Mar 01, 2022 - 11:24 AM (IST)
ਸ਼ਿਲਾਂਗ (ਭਾਸ਼ਾ)- ਮੇਘਾਲਿਆ ਦੀ ਮੈਡੀਕਲ ਦੀ ਇਕ ਵਿਦਿਆਰਥਣ ਯੂਕ੍ਰੇਨ ਤੋਂ ਘਰ ਪਰਤ ਆਈ ਹੈ ਪਰ ਸੂਬੇ ਦੇ 16 ਹੋਰ ਵਿਦਿਆਰਥੀ ਹਾਲੇ ਵੀ ਉੱਥੇ ਫਸੇ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਲਾਂਗ ਦੇ ਲੈਤੁਮਖਰਾ ਇਲਾਕੇ ਦੀ ਵਾਸੀ ਇਸ਼ਿਕਾ ਦੇਬਨਾਥ ਐਤਵਾਰ ਨੂੰ ਯੂਕ੍ਰੇਨ ਦੇ ਗੁਆਂਢੀ ਦੇਸ਼ ਰੋਮਾਨੀਆ ਤੋਂ ਇੱਥੇ ਪਹੁੰਚੀ। 'ਬੁਕੋਵਿਨੀਅਨ ਸਟੇਟ ਮੈਡੀਕਲ ਯੂਨੀਵਰਸਿਟੀ' ਦੀ ਵਿਦਿਆਰਥਣ ਦੇਬਨਾਥ ਨੇ ਭਾਰਤੀ ਦੂਤਘਰ ਦੀ ਮਦਦ ਨਾਲ ਯੂਕ੍ਰੇਨ-ਰੋਮਾਨੀਆ ਸਰਹੱਦ ਪਾਰ ਕੀਤੀ ਅਤੇ ਫਿਰ ਉੱਥੇ ਜਹਾਜ਼ 'ਚ ਭਾਰਤ ਪਹੁੰਚੀ। ਦੇਬਨਾਥ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਯੂਨੀਵਰਸਿਟੀ ਤੋਂ ਬੱਸ ਫੜੀ ਅਤੇ 24 ਫਰਵਰੀ ਨੂੰ ਸਰਹੱਦ 'ਤੇ ਪਹੁੰਚੀ।
ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਪੋਲੈਂਡ ਜਾਣ ਵਾਲੀ ਟਰੇਨ ’ਤੇ ਅਚਾਨਕ ਚੜ੍ਹੇ ਸਿੱਖ ਨੌਜਵਾਨ, ਫਿਰ ਵੰਡਿਆ ਜਾਣ ਲੱਗਾ ਲੰਗਰ
ਉਨ੍ਹਾਂ ਕਿਹਾ,''ਬੱਸ ਤੋਂ ਉਤਰਨ ਤੋਂ ਬਾਅਦ ਸਰਹੱਦ ਪਾਰ ਕਰਨ ਲਈ ਸਾਨੂੰਨ 4 ਤੋਂ 5 ਕਿਲੋਮੀਟਰ ਪੈਦਲ ਤੁਰਨਾ ਪਿਆ ਅਤੇ ਫਿਰ ਉੱਥੋਂ ਸਾਨੂੰ ਹਵਾਈ ਅੱਡੇ ਲਿਜਾਇਆ ਗਿਆ।'' ਦੇਬਨਾਥ ਨੇ ਦੱਸਿਆ ਕਿ ਉਨ੍ਹਾਂ ਦਾ ਨਾਮ ਭਾਰਤੀ ਦੂਤਘਰ ਦੀ ਦੂਜੀ ਸੂਚੀ ਦੇਖ ਕੇ ਉਨ੍ਹਾਂ ਨੂੰ ਕਾਫ਼ੀ ਰਾਹਤ ਮਿਲੀ ਸੀ, ਜਿਸ 'ਚ ਕੁੱਲ 240 ਵਿਦਿਆਰਥੀਆਂ ਦਾ ਨਾਮ ਸੀ। ਉਨ੍ਹਾਂ ਕਿਹਾ,''ਮੇਰੇ ਨਾਲ ਆਸਾਮ ਦੇ ਕੁਝ ਵਿਦਿਆਰਥੀਆਂ ਦੇ ਨਾਮ ਵੀ ਉਸ ਸੂਚੀ 'ਚ ਸ਼ਾਮਲ ਸਨ ਅਤੇ ਮੇਘਾਲਿਆਂ ਤੋਂ ਸਿਰਫ਼ ਮੈਂ ਸੀ।'' ਸੂਬੇ ਦੇ ਘੱਟੋ-ਘੱਟ 16 ਵਿਦਿਆਰਥੀ ਹੁਣ ਵੀ ਯੂਕ੍ਰੇਨ 'ਚ ਫਸੇ ਹਨ। ਮੁੱਖ ਸਕੱਤਰ ਆਰ.ਵੀ. ਸੁਚਿਆਂਗ ਨੇ ਦੱਸਿਆ ਕਿ ਸੂਬਾ ਸਰਕਾਰ ਬਾਕੀ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਕਰਨ ਲਈ ਵਿਦੇਸ਼ ਮੰਤਰਾਲਾ ਦੇ ਲਗਾਤਾਰ ਸੰਪਰਕ 'ਚ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ