ਕਰਨਾਲ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਬੈਠਕ ਰਹੀ ਬੇਸਿੱਟਾ, ਕਿਸਾਨ ਆਗੂ ਜਲਦ ਦੱਸਣਗੇ ਅਗਲੀ ਰਣਨੀਤੀ
Wednesday, Sep 08, 2021 - 05:34 PM (IST)
ਕਰਨਾਲ— ਕਰਨਾਲ ’ਚ ਕਿਸਾਨ ਆਗੂਆਂ ਅਤੇ ਪ੍ਰਸ਼ਾਸਨ ਵਿਚਾਲੇ ਅੱਜ ਹੋਈ ਬੈਠਕ ਖ਼ਤਮ ਹੋ ਗਈ ਹੈ, ਜੋ ਕਿ ਬੇਸਿੱਟਾ ਰਹੀ। ਕਰੀਬ 3 ਘੰਟੇ ਚੱਲੀ ਇਸ ਬੈਠਕ ’ਚ ਕੀ ਗੱਲਬਾਤ ਹੋਈ ਹੈ, ਇਸ ਨੂੰ ਕਿਸਾਨ ਆਗੂਆਂ ਵਲੋਂ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਜਾਵੇਗਾ। ਇਸ ਬੈਠਕ ’ਚ ਡੀ. ਸੀ, ਐੱਸ. ਪੀ. ਅਤੇ ਕਮਿਸ਼ਨਰ ਮੌਜੂਦ ਸਨ। ਕਿਸਾਨਾਂ ਦੀ 11 ਮੈਂਬਰੀ ਕਮੇਟੀ ਨਾਲ ਇਹ ਬੈਠਕ ਹੋਈ। ਦੱਸ ਦੇਈਏ ਕਿ ਕੱਲ੍ਹ ਵੀ ਬੈਠਕ ’ਚ ਕੋਈ ਨਤੀਜਾ ਨਹੀਂ ਨਿਕਲ ਸਕਿਆ ਸੀ, ਜਿਸ ਤੋਂ ਬਾਅਦ ਕਿਸਾਨਾਂ ਨੇ ਰਾਤ ਮਿੰਨੀ ਸਕੱਤਰੇਤ ਦੇ ਬਾਹਰ ਸੜਕਾਂ ’ਤੇ ਬਿਤਾਈ।
ਅੱਜ ਦੀ ਬੈਠਕ ’ਚ ਕਿਸਾਨ ਆਗੂ ਆਪਣੀਆਂ ਕੱਲ੍ਹ ਵਾਲੀਆਂ ਮੰਗਾਂ ਐੱਸ. ਡੀ. ਐੱਮ. ਵਿਰੁੱਧ ਕਾਰਵਾਈ ਕਰਨ, ਸ਼ਹੀਦ ਕਿਸਾਨ ਨੂੰ 25 ਲੱਖ ਮੁਆਵਜ਼ਾ ਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਗਈ ਹੈ। ਇਸ ਬਾਬਤ ਜਾਣਕਾਰੀ ਹਰਿਆਣਾ ਭਾਰਤੀ ਕਿਸਾਨ ਯੂਨੀਅਨ (ਚਢੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਦਿੱਤੀ ਸੀ।
ਦੱਸਣਯੋਗ ਹੈ ਕਿ ਅੱਜ ਦੀ ਬੈਠਕ ’ਚ ਕਰਨਾਲ ਪ੍ਰਸ਼ਾਸਨ ਨਾਲ 11 ਮੈਂਬਰੀ ਕਿਸਾਨਾਂ ਦੀ ਜ਼ਿਲ੍ਹਾ ਸਕੱਤਰੇਤ ਵਿਚ ਬੈਠਕ ਹੋਈ ਸੀ। ਇਨ੍ਹਾਂ 11 ਕਿਸਾਨ ਆਗੂਆਂ ’ਚ ਰਾਕੇਸ਼ ਟਿਕੈਤ, ਜੋਗਿੰਦਰ ਉਗਰਾਹਾ, ਵਿਕਾਸ ਸਿਸਰ, ਗੁਰਨਾਮ ਸਿੰਘ ਚਢੂਨੀ, ਡਾ. ਦਰਸ਼ਨ ਪਾਲ, ਯੋਗੇਂਦਰ ਯਾਦਵ, ਬਲਬੀਰ ਸਿੰਘ ਰਾਜੇਵਾਲ, ਰਾਮਪਾਲ ਚਹਿਲ, ਇੰਦਰਜੀਤ ਕਾਮਰੇਡ ਆਦਿ ਸ਼ਾਮਲ ਸਨ।